ਮਹਿੰਗਾ ਹੋ ਗਿਆ ਦੁੱਧ! ਸਵੇਰ ਤੋਂ ਲਾਗੂ ਹੋ ਜਾਣਗੇ ਨਵੇਂ ਰੇਟ
Wednesday, May 13, 2026 - 07:23 PM (IST)
ਬਿਜ਼ਨੈੱਸ ਡੈਸਕ- ਦੇਸ਼ ਦੀ ਪ੍ਰਮੁੱਖ ਡੇਅਰੀ ਕੰਪਨੀ ਅਮੂਲ ਨੇ ਦੇਸ਼ ਭਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜਨ ਦੀ ਸੰਭਾਵਨਾ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਹ ਨਵੀਆਂ ਕੀਮਤਾਂ 14 ਮਈ 2026 ਤੋਂ ਪੂਰੇ ਭਾਰਤ ਵਿੱਚ ਲਾਗੂ ਹੋ ਜਾਣਗੀਆਂ।
ਕੀਮਤਾਂ ਵਧਣ ਦਾ ਮੁੱਖ ਕਾਰਨ
ਅਮੂਲ ਨੇ ਇਸ ਵਾਧੇ ਪਿੱਛੇ ਪਸ਼ੂਆਂ ਦੇ ਚਾਰੇ ਦੀਆਂ ਵਧਦੀਆਂ ਕੀਮਤਾਂ ਨੂੰ ਮੁੱਖ ਕਾਰਨ ਦੱਸਿਆ ਹੈ। ਕੰਪਨੀ ਅਨੁਸਾਰ, ਪਿਛਲੇ ਕੁਝ ਸਮੇਂ ਤੋਂ ਚਾਰੇ ਅਤੇ ਪੈਕੇਜਿੰਗ ਦੀ ਲਾਗਤ ਵਿੱਚ ਕਾਫੀ ਵਾਧਾ ਹੋਇਆ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਕੀਮਤਾਂ ਵਿੱਚ ਇਹ ਵਾਧਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਦੁੱਧ ਉਤਪਾਦਕ ਕਿਸਾਨਾਂ ਅਤੇ ਡੇਅਰੀ ਮਾਲਕਾਂ ਦੇ ਮੁਨਾਫ਼ੇ 'ਤੇ ਕੋਈ ਮਾੜਾ ਅਸਰ ਨਾ ਪਵੇ ਅਤੇ ਉਨ੍ਹਾਂ ਨੂੰ ਉਤਪਾਦਨ ਦੀ ਸਹੀ ਕੀਮਤ ਮਿਲਦੀ ਰਹੇ।
ਅਚਾਨਕ ਹੋਏ ਇਸ ਵਾਧੇ ਕਾਰਨ ਰੋਜ਼ਾਨਾ ਦੁੱਧ ਖਰੀਦਣ ਵਾਲੇ ਗਾਹਕਾਂ ਨੂੰ ਹੁਣ ਹਰ ਲੀਟਰ ਪਿੱਛੇ 2 ਰੁਪਏ ਵਾਧੂ ਖਰਚਣੇ ਪੈਣਗੇ। ਦੱਸਣਯੋਗ ਹੈ ਕਿ ਅਮੂਲ ਵੱਲੋਂ ਲਏ ਗਏ ਇਸ ਫੈਸਲੇ ਤੋਂ ਬਾਅਦ ਬਾਜ਼ਾਰ ਵਿੱਚ ਦੂਜੀਆਂ ਡੇਅਰੀ ਕੰਪਨੀਆਂ ਵੱਲੋਂ ਵੀ ਕੀਮਤਾਂ ਵਧਾਉਣ ਦੀ ਚਰਚਾ ਛਿੜ ਗਈ ਹੈ।
