ਲਖਨਊ ''ਚ ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ, ਕੇਂਦਰ ਨੇ ਮਨਜ਼ੂਰ ਕੀਤੇ 194 ਕਰੋੜ ਰੁਪਏ
Thursday, Nov 01, 2018 - 02:14 PM (IST)

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰਾਲਾ ਨੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਮਹਿਲਾ ਸੁਰੱਖਿਆ ਦੀ ਸਥਿਤੀ ਮਜ਼ਬੂਤ ਬਣਾਉਣ ਦੇ ਟੀਚੇ ਨਾਲ ਸੁਰੱਖਿਅਤ ਸ਼ਹਿਰ ਪ੍ਰੋਜੈਕਟ ਲਈ ਨਿਰਭਿਆ ਖਜ਼ਾਨੇ ਤੋਂ 194.44 ਕਰੋੜ ਰੁਪਏ ਰਾਸ਼ੀ ਮਨਜ਼ੂਰ ਕੀਤੀ ਹੈ। ਇਸ ਕੇਂਦਰੀ ਪ੍ਰੋਜੈਕਟ 'ਚ ਕੇਂਦਰ ਤੇ ਸੂਬਿਆਂ ਦੀ ਹਿੱਸੇਦਾਰੀ 60 ਫੀਸਦੀ ਹੈ। ਕੇਂਦਰ ਨੇ ਦੇਸ਼ ਦੇ 8 ਸ਼ਹਿਰਾਂ ਮੁੰਬਈ, ਦਿੱਲੀ, ਕੋਲਕਾਤਾ, ਚੇਨਈ, ਬੈਂਗਲੁਰੂ, ਹੈਦਰਾਬਾਦ, ਅਹਿਮਦਾਬਾਦ ਤੇ ਲਖਨਊ 'ਚ ਐਲਾਨ ਕੀਤੇ ਸੁਰੱਖਿਅਤ ਸ਼ਹਿਰ ਪ੍ਰੋਜੈਕਟ ਦੇ ਤਹਿਤ ਇਹ ਰਾਸ਼ੀ ਮਨਜ਼ੂਰ ਕੀਤੀ ਹੈ। ਇਸ ਦਾ ਟੀਚਾ ਜਨਤਕ ਥਾਵਾਂ 'ਤੇ ਔਰਤਾਂ ਦੀ ਸੁਰੱਖਿਆ ਯਕੀਨੀ ਕਰਨਾ ਹੈ।
ਇਸ ਪ੍ਰੋਜੈਕਟ 'ਤੇ ਔਰਤ ਤੇ ਬਾਲ ਵਿਕਾਸ ਮੰਤਰਾਲਾ, ਸ਼ਹਿਰੀ ਵਿਕਾਸ ਮੰਤਰਾਲਾ, ਇਲੈਕਟ੍ਰੋਨਿਕ ਤੇ ਸੂਚਨਾ ਤਕਨੀਕੀ ਮੰਤਰਾਲਾ, ਸ਼ਹਿਰਾਂ ਦੇ ਨਿਗਮ ਤੇ ਪੁਲਸ ਕਮਿਸ਼ਨਰ ਤੇ ਨਾਗਰਿਕ ਸਮਾਜ ਸੰਗਠਨਾਂ ਦੇ ਸਹਿਯੋਗ ਨਾਲ ਅਮਲ ਕੀਤਾ ਜਾਵੇਗਾ। ਲਖਨਊ 'ਚ ਇਸ ਪ੍ਰੋਜੈਕਟ ਨੂੰ ਉੱਤਰ ਪ੍ਰਦੇਸ਼ ਪੁਲਸ ਅਮਲ 'ਚ ਲਿਆਵੇਗੀ ਤੇ ਇਸ ਦੇ ਤਹਿਤ ਵੱਖ-ਵੱਖ ਕਦਮ ਚੁੱਕੇਗੀ।
ਇਸ ਦੇ ਤਹਿਤ ਮਹਿਲਾਵਾਂ ਲਈ ਵਿਸ਼ੇਸ਼ ਪੁਲਸ ਚੌਂਕੀ ਬਣਾਉਣ ਤੇ ਮਹਿਲਾ ਪੁਲਸ ਵੱਲੋਂ ਗਸ਼ਤ, ਸਾਰੇ ਪੁਲਸ ਸਟੇਸ਼ਨਾਂ 'ਚ ਮਹਿਲਾ ਹੈਲਪ ਡੈਸਕ ਦਾ ਗਠਨ, ਆਸ਼ਾ ਜਯੋਤੀ ਕੇਂਦਰਾਂ ਨੂੰ ਮਜ਼ਬੂਤ ਬਣਾਉਣ, ਬੱਸਾਂ 'ਚ ਸੁਰੱਖਿਆ ਉਪਾਅ, ਹਨੇਰੇ ਵਾਲੇ ਇਲਾਕਿਆਂ ਨੂੰ ਰੋਸ਼ਨ ਕਰਨਾ, ਮਹਿਲਾਵਾਂ ਲਈ ਟਾਇਲਟ ਬਣਾਉਣ ਤੇ ਮਹਿਲਾ ਹੈਲਪਲਾਈਨ 112 ਸ਼ੁਰੂ ਕਰਨ ਵਰਗੇ ਕਦਮ ਚੁੱਕੇ ਜਾਣਗੇ।