''ਮੈਟਰੋ ਮੈਨ'' ਸ਼੍ਰੀਧਰਨ ਨੇ ਪ੍ਰਚਾਰ ਮੁਹਿੰਮ ਕੀਤੀ ਸ਼ੁਰੂ, ਬੋਲੇ- ਭਾਜਪਾ ਵਿਕਾਸ ਦੇ ਮੁੱਦੇ ''ਤੇ ਲੜ ਰਹੀ ਹੈ ਚੋਣ
Monday, Mar 15, 2021 - 01:41 PM (IST)
ਪਲੱਕੜ- ਕੇਰਲ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ 'ਮੈਟਰੋਮੈਨ' ਦੇ ਨਾਂ ਨਾਲ ਦੇਸ਼ ਭਰ 'ਚ ਮਸ਼ਹੂਰ ਈ ਸ਼੍ਰੀਧਰਨ ਨੇ ਸੋਮਵਾਰ ਨੂੰ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਇਹ ਚੋਣ ਵਿਕਾਸ ਦੇ ਮੁੱਦੇ 'ਤੇ ਲੜ ਰਹੀ ਹੈ ਅਤੇ ਦਾਅਵਾ ਕੀਤਾ ਕਿ 6 ਅਪ੍ਰੈਲ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੇਰਲ 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਸਰਕਾਰ ਬਣਾਏਗੀ। ਸ਼੍ਰੀਧਰਨ ਨੇ ਸੂਬੇ ਦੀ ਮੌਜੂਦਾ ਖੱਬੇ ਲੋਕਤੰਤਰੀ ਮੋਰਚੇ (ਐੱਲ.ਡੀ.ਐੱਫ.) ਦੀ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਭ੍ਰਿਸ਼ਟਾਚਾਰ, ਘਪਲੇ ਅਤੇ ਭਰਾ-ਭਤੀਜਾਵਾਦ 'ਚ ਸ਼ਾਮਲ ਹਨ। ਉਨ੍ਹਾਂ ਦੋਸ਼ ਲਗਾਇਆ,''ਮਾਕਪਾ ਦੀ ਅਗਵਾਈ ਵਾਲੀ ਸਰਕਾ ਸੂਬੇ ਦੇ ਵਿਕਾਸ ਨੂੰ ਲੈ ਕੇ ਵਚਨਬੱਧ ਨਹੀਂ ਹੈ। ਉਸ ਦਾ ਮੁੱਖ ਧਿਆਨ ਪਾਰਟੀ ਦੇ ਵਿਕਾਸ 'ਤੇ ਹੈ।''
ਇਹ ਵੀ ਪੜ੍ਹੋ : ਕੇਰਲ 'ਚ ਭਾਜਪਾ ਦੇ CM ਉਮੀਦਵਾਰ ਹੋਣਗੇ ਮੈਟਰੋ ਮੈਨ ਸ਼੍ਰੀਧਰਨ
ਦੱਸਣਯੋਗ ਹੈ ਕਿ 88 ਸਾਲਾ ਸ਼੍ਰੀਧਰਨ ਨੂੰ ਭਾਜਪਾ ਨੇ ਅਧਿਕਾਰਤ ਰੂਪ ਨਾਲ ਪਲੱਕੜ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਮੁੱਖ ਮੰਤਰੀ ਪਿਨਰਈ ਵਿਜਯਨ 'ਤੇ ਨਿਸ਼ਾਨਾ ਸਾਧਦੇ ਹੋਏ ਸ਼੍ਰੀਧਰਨ ਨੇ ਦੋਸ਼ ਲਗਾਇਆ,''ਉਹ ਆਪਣੀ ਪਾਰਟੀ ਲਈ ਚੰਗੇ ਮੁੱਖ ਮੰਤਰੀ ਹਨ ਪਰ ਸੂਬੇ ਲਈ ਨਹੀਂ।'' ਉਨ੍ਹਾਂ ਦੋਸ਼ ਲਗਾਇਆ ਕਿ ਐੱਲ.ਡੀ.ਐੱਫ. ਸਰਕਾਰ ਨੇ 5 ਸਾਲਾਂ 'ਚ ਸੂਬੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਸ਼੍ਰੀਧਰਨ ਨੇ ਦੋਸ਼ ਲਗਾਇਆ ਕਿ ਮਾਕਪਾ ਦੀ ਅਗਵਾਈ ਵਾਲੀ ਸਰਕਾਰ ਨੇ ਨੀਲਾਮਬਪੁਰ-ਨੰਜਨਗੁਡ ਵਿਚਾਲੇ ਵੱਡੀ ਰੇਲ ਲਾਈਨ ਸਥਾਪਤ ਕਰਨ ਲਈ ਕੁਝ ਨਹੀਂ ਕੀਤਾ, ਜਿਸ ਨਾਲ ਕਰਨਾਟਕ ਦੇ ਨੰਜਨਗੁਡ ਨੂੰ ਕੇਰਲ ਦੇ ਨੀਲਾਮਬੁਰ ਨਾਲ ਜੋੜਿਆ ਗਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮਨਜ਼ੂਰੀ ਮਿਲਣ ਦੇ ਬਾਵਜੂਦ ਗੁਰੂਵਯੂਰ ਤੋਂ ਤਿਰੂਨਾਵਯਾ ਤੱਕ ਰੇਲ ਵਿਛਾਉਣ ਲਈ ਕੁਝ ਨਹੀਂ ਕੀਤਾ ਗਿਆ। ਸ਼੍ਰੀਧਰਨ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਕੋਝੀਕੋਡ ਅਤੇ ਤਿਰੁਅਨੰਤਪੁਰਮ 'ਚ ਆਵਾਜਾਈ ਵਿਵਸਥਾ ਸੁਧਾਰਨ ਲਈ ਲਾਈਟ ਮੈਟਰੋ ਦੇ ਸ਼ੁਰੂਆਤੀ ਕੰਮ ਨੂੰ ਰੋਕਿਆ। ਉਨ੍ਹਾਂ ਨੇ ਉਮੀਦ ਜਤਾਈ ਕਿ ਭਾਜਪਾ ਦੀ ਅਗਵਾਈ ਵਾਲੀ ਰਾਜਗ ਦੀ ਵਿਧਾਨ ਸਭਾ 'ਚ ਜਿੱਤ ਹੋਵੇਗੀ ਅਤੇ ਉਨ੍ਹਾਂ ਦੀ ਅਗਵਾਈ 'ਚ ਸਰਕਾਰ ਬਣੇਗੀ। ਸ਼੍ਰੀਧਰਨ ਨੇ ਕਿਹਾ ਕਿ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਉਹ ਝੋਨਾ ਉਤਪਾਦਨ ਦੇ ਮਾਮਲੇ 'ਚ ਪਲੱਕੜ ਜ਼ਿਲ੍ਹੇ ਦੀ ਸਾਖ ਨੂੰ ਵਾਪਸ ਸਥਾਪਤ ਕਰਨ ਦੀ ਕੋਸ਼ਿਸ਼ ਕਰਨਗੇ।