ਮਹਿਬੂਬਾ ਦੀ ਬੇਟੀ ਇਲਤਿਜਾ ਮੁਫ਼ਤੀ ਨੇ ਨਿਤੀਸ਼ ਕੁਮਾਰ ਖਿਲਾਫ ਦਰਜ ਕਰਵਾਈ ਸ਼ਿਕਾਇਤ
Saturday, Dec 20, 2025 - 04:14 AM (IST)
ਸ਼੍ਰੀਨਗਰ (ਭਾਸ਼ਾ) - ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਨੇਤਾ ਇਲਤਿਜਾ ਮੁਫ਼ਤੀ ਨੇ ਮਹਿਲਾ ਡਾਕਟਰ ਦਾ ਹਿਜਾਬ ਹਟਾਉਣ ਦੇ ਮਾਮਲੇ ’ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕਰਦਿਆਂ ਸ਼ੁੱਕਰਵਾਰ ਨੂੰ ਪੁਲਸ ਨੂੰ ਸ਼ਿਕਾਇਤ ਦਿੱਤੀ। ਹਾਲਾਂਕਿ, ਪੁਲਸ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਜਨਤਾ ਦਲ (ਯੂਨਾਈਟਿਡ) ਦੇ ਪ੍ਰਮੁੱਖ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਜਾਂ ਨਹੀਂ।
ਮੁਫਤੀ ਨੇ ਕੋਠੀਬਾਗ ਦੇ ਥਾਣਾ ਮੁਖੀ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ ’ਚ ਕਿਹਾ ਕਿ ਮੈਂ ਤੁਹਾਡਾ ਧਿਆਨ ਇਕ ਘਿਨਾਉਣੀ ਘਟਨਾ ਵੱਲ ਖਿੱਚਣਾ ਚਾਹੁੰਦੀ ਹਾਂ, ਜਿਸ ਨੇ ਮੁਸਲਮਾਨਾਂ, ਖਾਸ ਕਰ ਕੇ ਔਰਤਾਂ ਨੂੰ ਬਹੁਤ ਦਰਦ ਅਤੇ ਦੁੱਖ ਪਹੁੰਚਾਇਆ ਹੈ। ਕੁਝ ਦਿਨ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਕ ਸਰਕਾਰੀ ਸਮਾਗਮ ’ਚ ਜਨਤਕ ਤੌਰ ’ਤੇ ਇਕ ਮਹਿਲਾ ਮੁਸਲਿਮ ਡਾਕਟਰ ਦਾ ਹਿਜਾਬ ਹਟਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਹੋਰ ਵੀ ਬਦਤਰ ਬਣਾਉਣ ਵਾਲੀ ਗੱਲ ਆਸ-ਪਾਸ ਦੇ ਲੋਕਾਂ ਦੀ ਅਸਹਿਜ ਪ੍ਰਤੀਕਿਰਿਆ ਸੀ, ਜਿਸ ’ਚ ਉਪ ਮੁੱਖ ਮੰਤਰੀ ਵੀ ਸ਼ਾਮਲ ਸਨ, ਜੋ ਖਿੜ-ਖਿੜਾ ਕੇ ਹੱਸ ਰਹੇ ਸਨ।
ਪੀ. ਡੀ. ਪੀ. ਨੇਤਾ ਨੇ ਕਿਹਾ ਕਿ ਜ਼ਬਰਦਸਤੀ ਉਸ ਦਾ ਹਿਜਾਬ ਹਟਾਉਣਾ ਨਾ ਸਿਰਫ਼ ਇਕ ਮੁਸਲਿਮ ਔਰਤ ’ਤੇ ਬੇਰਹਿਮ ਹਮਲਾ ਸੀ, ਸਗੋਂ ਹਰ ਭਾਰਤੀ ਔਰਤ ਦੀ ਖੁਦਮੁਖਤਿਆਰੀ, ਪਛਾਣ ਅਤੇ ਮਾਣ-ਸਨਮਾਨ ’ਤੇ ਵੀ ਹਮਲਾ ਸੀ। ਇਹ ਘਟਨਾ ਸੋਮਵਾਰ ਨੂੰ ਪਟਨਾ ’ਚ ਮੁੱਖ ਮੰਤਰੀ ਸਕੱਤਰੇਤ ’ਚ ਵਾਪਰੀ, ਜਿੱਥੇ ਆਯੂਸ਼ ਡਾਕਟਰ ਆਪਣੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਇਕੱਠੇ ਹੋਏ ਸਨ। ਜਦੋਂ ਮਹਿਲਾ ਡਾਕਟਰ ਆਪਣਾ ਨਿਯੁਕਤੀ ਪੱਤਰ ਲੈਣ ਪਹੁੰਚੀ ਤਾਂ ਨਿਤੀਸ਼ ਕੁਮਾਰ ਨੇ ਉਸ ਦਾ ਹਿਜਾਬ ਦੇਖਿਆ ਅਤੇ ਪੁੱਛਿਆ ‘ਇਹ ਕੀ ਹੈ?’ ਅਤੇ ਫਿਰ ਉਸ ਨੂੰ ਹਟਾ ਦਿੱਤਾ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਇਸ ਘਟਨਾ ਲਈ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।
