ਧਰਮਪਾਲ ਗੁਲਾਟੀ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ, ਜਾਣੋ ਕਿਵੇਂ ਬਣੇ MDH ਦੇ ਮਾਲਕ

03/16/2019 4:25:11 PM

ਨਵੀਂ ਦਿੱਲੀ — ਦਿੱਲੀ 'ਚ ਪਦਮ ਭੂਸ਼ਣ ਐਵਾਰਡ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਉਘੀਆਂ ਹਸਤੀਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਸਭ ਤੋਂ ਵੱਡੀ ਉਮਰ ਵਾਲੇ ਐਮਡੀਐਚ ਮਸਾਲਿਆਂ ਦੇ ਮਾਲਕ ਮਹਾਸ਼ੇ ਧਰਮਪਾਲ ਗੁਲਾਟੀ ਸਮੇਤ 65 ਹਸਤੀਆਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ 47 ਹਸਤੀਆਂ ਨੂੰ ਪਦਮ ਸਨਮਾਨ ਨਾਲ ਨਵਾਜਿਆ ਗਿਆ ਸੀ। ਧਰਮਪਾਲ ਗੁਲਾਟੀ ਨੂੰ ਵਪਾਰ ਅਤੇ ਉਦਯੋਗ ਜਗਤ 'ਚ ਵਧੀਆ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

PunjabKesari

ਚਲਾਉਂਦੇ ਸਨ ਟਾਂਗਾ

ਮਹਾਸ਼ੇ ਧਰਮਪਾਲ ਗੁਲਾਟੀ ਬਟਵਾਰੇ ਦੇ ਬਾਅਦ ਪਾਕਿਸਤਾਨ ਦੇ ਸਿਆਲਕੋਟ ਤੋਂ ਭਾਰਤ ਦੇ ਅੰਮ੍ਰਿਤਸਰ ਆ ਗਏ। ਪਰ ਇਥੇ ਮਨ ਨਾ ਲੱਗਾ, ਜਿਸ ਤੋਂ ਬਾਅਦ ਵੱਡੇ ਭਰਾ ਅਤੇ ਰਿਸ਼ਤੇਦਾਰਾਂ ਨਾਲ ਦਿੱਲੀ ਆ ਗਏ। ਕੋਈ ਕੰਮ ਨਾ ਮਿਲਿਆ ਤਾਂ ਟਾਂਗਾ ਚਲਾਉਣ ਲੱਗੇ। ਉਸ 'ਚ ਵੀ ਮਨ ਨਾ ਲੱਗਾ। ਮਨ ਮਸਾਲਿਆਂ ਦੇ ਪੁਰਾਣੇ ਕਾਰੋਬਾਰ ਵੱਲ ਵਾਰ-ਵਾਰ ਦੌੜਦਾ ਸੀ। ਫਿਰ ਅਜਮਲ ਖਾਂ ਰੋਡ 'ਤੇ ਖੋਖਾ ਬਣਾ ਕੇ ਦਾਲ, ਤੇਲ ਅਤੇ ਮਸਾਲਿਆਂ ਦੀ ਦੁਕਾਨ ਸ਼ੁਰੂ ਕਰ ਦਿੱਤੀ। ਤਜੁਰਬਾ ਸੀ ਇਸ ਲਈ ਕੰਮ ਚਲ ਗਿਆ।

PunjabKesari

1959 'ਚ ਰੱਖੀ MDH ਫੈਕਟਰੀ ਦੀ ਨੀਂਹ

ਮਹਾਸ਼ੇ ਧਰਮਪਾਲ ਨੇ 1959 'ਚ MDH ਫੈਕਟਰੀ ਦੀ ਨੀਂਹ ਰੱਖੀ ਸੀ। ਭਾਰਤ ਵਿਚ ਉਨ੍ਹਾਂ ਨੇ 15 ਫੈਕਟਰੀਆਂ ਖੋਲ੍ਹੀਆਂ, ਜਿਹੜੀਆਂ ਕਿ ਕਰੀਬ 1,000 ਡੀਲਰਾਂ ਨੂੰ ਮਸਾਲਾ ਸਪਲਾਈ ਕਰਦੀਆਂ ਸਨ। ਐਮਡੀਐਚ ਦੇ ਦੁਬਈ ਅਤੇ ਲੰਡਨ ਵਿਚ ਵੀ ਦਫਤਰ ਹਨ। ਇਹ ਮਸਾਲਾ ਕੰਪਨੀ ਲਗਭਗ ਦੁਨੀਆ ਦੇ 100 ਦੇਸ਼ਾਂ ਨੂੰ ਮਸਾਲੇ ਨਿਰਯਾਤ ਕਰਦੀਆਂ ਹਨ। ਪੰਜਵੀਂ ਪਾਸ ਇਸ ਵਿਅਕਤੀ ਨੇ ਪਿਛਲੇ ਵਿੱਤੀ ਸਾਲ 21 ਕਰੋੜ ਦੀ ਕਮਾਈ ਕੀਤੀ। ਜਿਹੜੀ ਕਿ ਗੋਦਰੇਜ਼ ਕੰਜ਼ਿਊਮਰ ਦੇ ਆਦਿ ਗੋਦਰੇਜ ਅਤੇ ਵਿਵੇਕ ਗੰਭੀਰ, ਹਿੰਦੋਸਤਾਨ ਯੂਨੀਲੀਵਰ ਦੇ ਸੰਜੀਵ ਮਹਿਤਾ ਅਤੇ ਆਈ.ਟੀ.ਸੀ. ਦੇ ਵਾਈ.ਸੀ.ਦੇਵੇਸ਼ਵਰ ਦੀ ਕਮਾਈ ਤੋਂ ਵੀ ਜ਼ਿਆਦਾ ਹੈ। MDH ਦੇ ਨਾਂ ਨਾਲ ਮਸ਼ਹੂਰ ਉਨ੍ਹਾਂ ਦੀ ਕੰਪਨੀ ਮਹਾਸ਼ਿਆਂ ਦੀ ਹੱਟੀ ਨੂੰ ਇਸ ਸਾਲ ਕੁੱਲ 213 ਕਰੋੜ ਰੁਪਏ ਦਾ ਲਾਭ ਹੋਇਆ ਹੈ। ਇਸ ਕੰਪਨੀ ਦੀ 80 ਫੀਸਦੀ ਹਿੱਸੇਦਾਰੀ ਗੁਲਾਟੀ ਕੋਲ ਹੈ।

PunjabKesari

ਧਰਮਪਾਲ ਗੁਲਾਟੀ ਦੇ ਜੀਵਨ 'ਤੇ ਇਕ ਨਜ਼ਰ

- ਪਾਕਿਸਤਾਨ ਦੇ ਸਿਆਲਕੋਟ 'ਚ 27 ਮਾਰਚ 1923 ਨੂੰ ਜਨਮੇ ਧਰਮਪਾਲ ਦੀ ਜੀਵਨ ਸੰਘਰਸ਼ ਭਰਿਆ ਰਿਹਾ। ਸਿਰਫ ਪੰਜਵੀਂ ਤੱਕ ਹੀ ਪੜ੍ਹਾਈ ਕੀਤੀ।
- ਪਾਕਿਸਤਾਨ ਵਿਚ ਹਾਰਡਵੇਅਰ ਦਾ ਕੰਮ ਕਰਦੇ ਸਨ ਪਰ ਸੱਟ ਲੱਗਣ ਕਾਰਨ ਛੱਡ ਦਿੱਤਾ ਅਤੇ ਘੁੰਮ-ਘੁੰਮ ਕੇ ਮਹਿੰਦੀ ਵੇਚਣ ਲੱਗੇ।
- ਫਿਰ ਆਪਣੇ ਮਾਤਾ-ਪਿਤਾ ਨਾਲ ਪਾਕਿਸਤਾਨ ਵਿਚ ਮਸਾਲਿਆਂ ਦਾ ਕੰਮ ਸ਼ੁਰੂ ਕੀਤਾ ਪਰ ਬਟਵਾਰੇ 'ਚ ਸਭ ਕੁਝ ਖਤਮ ਹੋ ਗਿਆ।
- ਭਾਰਤ-ਪਾਕਿਸਤਾਨ ਬਟਵਾਰੇ ਤੋਂ ਬਾਅਦ ਦਿੱਲੀ ਆ ਗਏ ਅਤੇ ਟਾਂਗਾ ਚਲਾ ਕੇ ਗੁਜ਼ਾਰਾ ਕਰਨ ਲੱਗੇ। 
- ਕੁਝ ਸਮੇਂ ਬਾਅਦ ਦਿੱਲੀ ਵਿਚ 9 ਫੁੱਟ ਬਾਈ 14 ਫੁੱਟ ਦੀ ਦੁਕਾਨ ਖੋਲ੍ਹੀ ਅਤੇ ਆਪਣੇ ਪੁਰਖਾ ਦੇ ਕਾਰੋਬਾਰ ਮਸਾਲਿਆਂ ਦਾ ਕੰਮ ਸ਼ੁਰੂ ਕੀਤਾ। ਇਸ ਸਮੇਂ ਲੰਡਨ ਅਤੇ ਦੁਬਈ ਸਮੇਤ ਦੁਨੀਆ ਦੇ ਕਰੀਬ 100 ਦੇਸ਼ਾਂ ਵਿਚ ਇਨ੍ਹਾਂ ਦਾ ਕਾਰੋਬਾਰ ਹੈ। 


Related News