ਦਿੱਲੀ ''ਚ MCD ਦੀ ਵੱਡੀ ਕਾਰਵਾਈ, ਕਈ IAS ਕੋਚਿੰਗ ਸੈਂਟਰ ਕੀਤੇ ਸੀਲ
Monday, Jul 29, 2024 - 12:13 AM (IST)
ਨਵੀਂ ਦਿੱਲੀ : ਦਿੱਲੀ ਨਗਰ ਨਿਗਮ (ਐੱਮਸੀਡੀ) ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੋਚਿੰਗ ਸੈਂਟਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਪਾਣੀ ਭਰਨ ਕਾਰਨ 3 ਲੋਕਾਂ ਦੀ ਮੌਤ ਦੀ ਘਟਨਾ ਦੀ ਜਾਂਚ ਲਈ ਨਿਗਮ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕਰੇਗਾ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਸਰਕਾਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਨਗਰ ਨਿਗਮ ਦੀ ਇਕ ਟੀਮ ਐਤਵਾਰ ਨੂੰ ਪੁਰਾਣੇ ਰਾਜਿੰਦਰ ਨਗਰ ਇਲਾਕੇ ਵਿਚ ਪਹੁੰਚੀ ਤਾਂ ਕਿ ਕਈ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਕੋਚਿੰਗ ਸੈਂਟਰਾਂ ਦੇ ਬੇਸਮੈਂਟਾਂ ਨੂੰ ਸੀਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਪੈਸਿਆਂ ਦੇ ਝਗੜੇ ਨੂੰ ਲੈ ਕੇ ਪਿਓ ਨੇ ਚਾਕੂ ਨਾਲ ਕੀਤਾ ਧੀ ਦਾ ਕਤਲ, ਪਤਨੀ ਨੂੰ ਵੀ ਕਰ'ਤਾ ਲਹੂਲੁਹਾਨ
ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ‘ਬੇਸਮੈਂਟ’ ਵਿਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਅਦਾਰਿਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੁਖਰਜੀ ਨਗਰ ਵਿਚ ਇਕ ਇੰਸਟੀਚਿਊਟ ਵਿਚ ਭਿਆਨਕ ਅੱਗ ਲੱਗਣ ਤੋਂ ਬਾਅਦ ਐੱਮਸੀਡੀ ਨੇ ਅਜਿਹੇ ਕੋਚਿੰਗ ਸੈਂਟਰਾਂ ਦਾ ਸਰਵੇਖਣ ਕੀਤਾ ਸੀ। ਅਧਿਕਾਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਕੋਚਿੰਗ ਸੈਂਟਰਾਂ ਦੀ ਪਛਾਣ ਕਰਨ ਲਈ ਸਰਵੇਖਣ ਕੀਤਾ ਜਾਵੇਗਾ ਜੋ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਦੇ ਨਾਲ ਹੀ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਮੱਧ ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਇਲਾਕੇ 'ਚ ਵਾਪਰੀ ਘਟਨਾ ਦੀ ਜਾਂਚ ਲਈ ਛੇਤੀ ਹੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਓਲਡ ਰਾਜਿੰਦਰ ਨਗਰ ਇਲਾਕੇ 'ਚ ਸ਼ਨੀਵਾਰ ਨੂੰ ਭਾਰੀ ਬਾਰਿਸ਼ ਕਾਰਨ ਕੋਚਿੰਗ ਸੈਂਟਰ ਦੀ ਬੇਸਮੈਂਟ 'ਚ ਪਾਣੀ ਭਰ ਜਾਣ ਕਾਰਨ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਉਮੀਦਵਾਰਾਂ ਦੀ ਮੌਤ ਹੋ ਗਈ ਸੀ।
ਅਧਿਕਾਰੀ ਨੇ ਦੱਸਿਆ, “ਅਸੀਂ ਐੱਮਸੀਡੀ ਬਿਲਡਿੰਗ ਉਪ-ਨਿਯਮਾਂ ਦੀ ਉਲੰਘਣਾ ਕਰਕੇ ਚਲਾਏ ਜਾ ਰਹੇ ਕੋਚਿੰਗ ਸੈਂਟਰਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਪਾਰਕ ਗਤੀਵਿਧੀਆਂ ਕਰਨ ਲਈ 'ਬੇਸਮੈਂਟ' ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।'' ਉਨ੍ਹਾਂ ਕਿਹਾ, ''ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਉਣ ਵਿਚ ਸੰਸਥਾਨ ਦੇ ਮਾਲਕ ਦੀ ਘੋਰ ਅਪਰਾਧਿਕ ਲਾਪਰਵਾਹੀ ਪਾਈ ਗਈ ਹੈ, ਕਿਉਂਕਿ 'ਬੇਸਮੈਂਟ' ਵਿਚ ਸਥਿਤ ਲਾਇਬ੍ਰੇਰੀ ਗੈਰ-ਕਾਨੂੰਨੀ ਤੌਰ 'ਤੇ ਸੰਚਾਲਿਤ ਕੀਤੀ ਜਾ ਰਹੀ ਸੀ ਅਤੇ ਇਸ ਵਿਚ ਸਿਰਫ ਇਕ ਹੀ ਪ੍ਰਵੇਸ਼ ਅਤੇ ਨਿਕਾਸ ਬਿੰਦੂ ਸੀ ਜਿਹੜਾ ਬਾਇਓਮੈਟ੍ਰਿਕ ਅਧਾਰਤ ਸੀ ਅਤੇ ਪਾਣੀ ਕਾਰਨ ਬੰਦ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8