ਸੱਟੇਬਾਜ਼ੀ ਨੂੰ ਰਾਸ਼ਟਰੀ ਪੱਧਰ 'ਤੇ ਫੈਲਾਉਣ ਵਾਲੇ 'ਮਟਕਾ ਕਿੰਗ' ਰਤਨ ਖੱਤਰੀ ਦੀ ਮੌਤ
Sunday, May 10, 2020 - 10:07 PM (IST)
ਮੁੰਬਈ (ਭਾਸ਼ਾ) - ਦੇਸ਼ ਦੀ ਆਰਥਿਕ ਰਾਜਧਾਨੀ 'ਚ ਸੱਟੇ ਦੇ ਗ਼ੈਰ-ਕਾਨੂੰਨੀ ਕਾਰੋਬਾਰ ਨਾਲ ਜੁੜੇ ਅਤੇ 'ਮਟਕਾ ਕਿੰਗ' ਦੇ ਨਾਮ ਤੋਂ ਮਸ਼ਹੂਰ ਰਤਨ ਖੱਤਰੀ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਹੈ ਪਰਿਵਾਰ ਦੇ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਕਿਹਾ ਕਿ 88 ਸਾਲਾ ਖੱਤਰੀ ਮੱਧ ਮੁੰਬਈ ਖੇਤਰ ਦੀ ਨਵਜੀਵਨ ਸੋਸਾਇਟੀ 'ਚ ਰਹਿੰਦਾ ਸੀ ਅਤੇ ਕੁੱਝ ਦਿਨਾਂ ਤੋਂ ਬੀਮਾਰ ਸੀ। ਉਸ ਨੇ ਆਪਣੇ ਘਰ 'ਚ ਆਖਰੀ ਸਾਹ ਲਈ। ਸਿੰਧੀ ਪਰਿਵਾਰ ਤੋਂ ਆਉਣ ਵਾਲਾ ਖੱਤਰੀ 1947 'ਚ ਵੰਡ ਤੋਂ ਬਾਅਦ ਪਾਕਿਸਤਾਨ ਦੇ ਕਰਾਚੀ ਤੋਂ ਮੁੰਬਈ ਆ ਗਿਆ ਸੀ। ਖੱਤਰੀ ਨੇ ਮੁੰਬਈ 'ਚ ਖੇਡੇ ਜਾਣ ਵਾਲੇ ਮਟਕਾ (ਇੱਕ ਤਰ੍ਹਾਂ ਦਾ ਜੂਆ ਜੋ ਕਿ ਮੁੰਬਈ 'ਚ ਸਾਲ 1962 'ਚ ਸ਼ੁਰੂ ਹੋਇਆ) ਨੂੰ ਰਾਸ਼ਟਰੀ ਪੱਧਰ 'ਤੇ ਫੈਲਾ ਦਿੱਤਾ ਅਤੇ ਦਹਾਕਿਆਂ ਤੱਕ ਸੱਟੇਬਾਜ਼ੀ ਦੀ ਦੁਨੀਆ 'ਚ ਉਸ ਦਾ ਦਬਦਬਾ ਰਿਹਾ। ਖੱਤਰੀ ਨੇ ਸ਼ੁਰੂਆਤੀ ਦਿਨਾਂ 'ਚ ਕਲਿਆਣ ਭਗਤ ਦੇ ਨਾਲ ਕੰਮ ਕੀਤਾ ਪਰ ਕੁੱਝ ਹੀ ਸਮੇਂ ਬਾਅਦ ਆਪਣਾ ਰਤਨ ਮਟਕਾ ਸ਼ੁਰੂ ਕਰ ਦਿੱਤਾ।
ਨਿਊਯਾਰਕ ਕਾਟਨ ਐਕਸਚੇਂਜ ਅਤੇ ਮਟਕਾ
ਸ਼ੁਰੂਆਤ 'ਚ ਮਟਕਾ ਕਪਾਹ ਦੀਆਂ ਕੀਮਤਾਂ 'ਤੇ ਸੱਟਾ ਲਗਾ ਕੇ ਖੇਡਿਆ ਜਾਂਦਾ ਸੀ। ਨਿਊਯਾਰਕ ਕਾਟਨ ਐਕਸਚੇਂਜ 'ਚ ਕਪਾਹ ਦੇ ਮੁੱਲ ਖੁੱਲ੍ਹਣ ਅਤੇ ਬੰਦ ਹੋਣ ਨੂੰ ਲੈ ਕੇ ਸੱਟਾ ਲੱਗਦਾ ਸੀ। ਮਟਕੇ 'ਚ ਪਰਚੀਆਂ ਪਾ ਕੇ ਇਸ ਜੂਏ ਨੂੰ ਖੇਡਿਆ ਜਾਂਦਾ ਸੀ ਇਸ ਲਈ ਇਸ ਨੂੰ 'ਮਟਕਾ ਜੂਆ' ਕਿਹਾ ਜਾਂਦਾ ਹੈ।