ਠੰਡ ਕਾਰਨ ਦਿਨ ਸਮੇਂ ਯਾਤਰਾ ਕਰ ਰਹੇ ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂ
Friday, Jan 06, 2023 - 11:07 AM (IST)
ਕਟੜਾ, (ਅਮਿਤ)– ਠੰਡ ਨਾਲ ਜੰਮੂ ਸਮੇਤ ਆਸ-ਪਾਸ ਦੇ ਕਈ ਇਲਾਕੇ ਪ੍ਰਭਾਵਿਤ ਹਨ। ਬਾਹਰਲੇ ਸੂਬਿਆਂ ’ਚੋਂ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਮੌਸਮ ਦਾ ਹਾਲ ਜਾਣਨ ਲਈ ਕਟੜਾ ’ਚ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਸੰਪਰਕ ਕਰ ਰਹੇ ਹਨ।
ਕਟੜਾ ਸਮੇਤ ਵੈਸ਼ਣੋ ਦੇਵੀ ਭਵਨ ’ਤੇ ਵੀਰਵਾਰ ਨੂੰ ਧੁੱਧ ਨਿਕਲੀ ਰਹੀ। ਹਾਲਾਂਕਿ ਸਵੇਰੇ-ਸ਼ਾਮ ਠੰਡ ਕਾਫੀ ਵਧ ਗਈ ਹੈ, ਜਿਸ ਕਾਰਨ ਵੱਡੀ ਗਿਣਤੀ ’ਚ ਸ਼ਰਧਾਲੂ ਦਿਨ ਸਮੇਂ ਹੀ ਯਾਤਰਾ ਕਰਨ ਨੂੰ ਪਹਿਲ ਦੇ ਰਹੇ ਹਨ। ਵੈਸ਼ਣੋ ਦੇਵੀ ਭਵਨ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਸੁਹਾਵਣੇ ਮੌਸਮ ’ਚ ਦਿਨ ਸਮੇਂ ਦਰਸ਼ਨਾਂ ਲਈ ਆਉਣ-ਜਾਣ ਵਾਲੇ ਸ਼ਰਧਾਲੂਆਂ ਦੀ ਭੀੜ ਜ਼ਿਆਦਾ ਰਹਿੰਦੀ ਹੈ।
ਮਕਰ ਸੰਕ੍ਰਾਂਤੀ ਨੂੰ ਹੋਵੇਗੀ ਪੁਰਾਣੀ ਗੁਫਾ ਦੀ ਪੂਜਾ-ਅਰਚਨਾ, ਸ਼ਰਧਾਲੂਆਂ ਨੂੰ ਦਰਸ਼ਨਾਂ ਦੀ ਇਜਾਜ਼ਤ ਸਬੰਧੀ ਮੌਕੇ ’ਤੇ ਲਿਆ ਜਾਵੇਗਾ ਫੈਸਲਾ : ਸੀ. ਈ. ਓ.
ਵੈਸ਼ਣੋ ਦੇਵੀ ਭਵਨ ’ਤੇ ਮਕਰ ਸੰਕ੍ਰਾਂਤੀ ਮੌਕੇ ਪੁਰਾਣੀ ਗੁਫਾ ਦੇ ਦਰਸ਼ਨਾਂ ਦੀ ਦੇਸ਼ ਭਰ ਦੇ ਸ਼ਰਧਾਲੂ ਪੂਰਾ ਸਾਲ ਉਡੀਕ ਕਰਦੇ ਹਨ। ਇਸ ਦਿਨ ਦੇਸ਼ ਦੇ ਕੋਨੇ-ਕੋਨੇ ’ਚੋਂ ਸ਼ਰਧਾਲੂ ਪੁਰਾਣੀ ਗੁਫਾ ’ਚ ਮਾਂ ਭਗਵਤੀ ਦੇ ਦਰਸ਼ਨਾਂ ਲਈ ਆਉਂਦੇ ਹਨ। ਇਸ ਵਾਰ ਵੀ ਪੁਰਾਣੀ ਗੁਫਾ ਦੇ ਸ਼ਰਧਾਲੂਆਂ ਨੂੰ ਦਰਸ਼ਨ ਹੋਣਗੇ ਜਾਂ ਨਹੀਂ, ਇਸ ’ਤੇ ਸ਼ੱਕ ਬਣਿਆ ਹੋਇਆ ਹੈ।
ਇਸ ਬਾਰੇ ਸੀ. ਈ. ਓ. ਸ਼੍ਰਾਈਨ ਬੋਰਡ ਅੰਸ਼ੁਲ ਗਰਗ ਨੇ ਕਿਹਾ ਕਿ ਮਕਰ ਸੰਕ੍ਰਾਂਤੀ ਮੌਕੇ ਵੈਸ਼ਣੋ ਦੇਵੀ ਭਵਨ ’ਤੇ ਪੁਰਾਣੀ ਗੁਫਾ ’ਚ ਪੂਜਾ-ਅਰਚਨਾ ਕੀਤੀ ਜਾਵੇਗੀ। ਕੋਰੋਨਾ ਇਨਫੈਕਸ਼ਨ ਨੂੰ ਵੇਖਦਿਆਂ ਪੁਰਾਣੀ ਗੁਫਾ ਦੇ ਸ਼ਰਧਾਲੂਆਂ ਨੂੰ ਦਰਸ਼ਨਾਂ ਦੀ ਇਜਾਜ਼ਤ ਬਾਰੇ ਮੌਕੇ ’ਤੇ ਹੀ ਫੈਸਲਾ ਲਿਆ ਜਾਵੇਗਾ।
ਦੱਸ ਦੇਈਏ ਕਿ ਬੀਤੇ ਸਾਲ ਵੀ ਪੁਰਾਣੀ ਗੁਫਾ ਦੇ ਦਰਸ਼ਨਾਂ ਦੀ ਕੋਰੋਨਾ ਇਨਫੈਕਸ਼ਨ ਕਾਰਨ ਸ਼ਰਧਾਲੂਆਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ।