ਨਰਾਤਿਆਂ ਦੌਰਾਨ ਮਾਂ ਨੈਣਾ ਦੇਵੀ ਦੇ ਦਰਬਾਰ ''ਚ ਲੱਗੀਆਂ ਰੌਣਕਾਂ, ਸ਼ਰਧਾਲੂਆਂ ਦੀ ਉਮੜੀ ਭੀੜ
Friday, Apr 04, 2025 - 04:54 PM (IST)

ਬਿਲਾਸਪੁਰ- ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਮੰਦਰ 'ਚ ਚੇਤ ਦੇ ਨਰਾਤਿਆਂ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਪਹੁੰਚ ਰਹੇ ਹਨ। ਪਹਿਲੇ ਨਰਾਤੇ ਤੋਂ ਲੈ ਕੇ ਹੁਣ ਤੱਕ ਡੇਢ ਲੱਖ ਤੋਂ ਜ਼ਿਆਦਾ ਸ਼ਰਧਾਲੂ ਮਾਂ ਦੇ ਦਰਬਾਰ ਵਿਚ ਹਾਜ਼ਰੀ ਲਗਵਾ ਚੁੱਕੇ ਹਨ। ਅੱਜ 7ਵੇਂ ਨਰਾਤੇ 'ਤੇ ਸ਼ਰਧਾਲੂਆਂ ਨੇ ਮਾਤਾ ਜੀ ਦੇ ਕਾਲਰਾਤਰੀ ਰੂਪ ਦੀ ਪੂਜਾ ਕੀਤੀ।
ਚੇਤ ਦੇ ਨਰਾਤਿਆਂ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਵਿਵਸਥਾਵਾਂ ਕੀਤੀਆਂ ਗਈਆਂ ਹਨ। ਮੰਦਰ ਦੇ ਨੇੜੇ ਮੈਡੀਕਲ ਕੈਂਪ ਦੀ ਵਿਵਸਥਾ ਕੀਤੀ ਗਈ ਹੈ, ਤਾਂ ਕਿ ਸ਼ਰਧਾਲੂਆਂ ਨੂੰ ਸਿਹਤ ਸਬੰਧੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇੱਥੋਂ ਤੱਕ ਕਿ ਮੁੱਢਲਾ ਇਲਾਜ ਵੀ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਸੁਆਦੀ ਭੰਡਾਰੇ ਵੀ ਲਗਾਏ ਗਏ ਹਨ, ਜਿਸ ਵਿਚ ਵਰਤ ਰੱਖਣ ਵਾਲਿਆਂ ਲਈ ਭੋਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਥਾਵਾਂ 'ਤੇ ਭੰਡਾਰੇ ਵੀ ਆਯੋਜਿਤ ਕੀਤੇ ਗਏ।