ਕੇਂਦਰ ’ਚ ਸਕੱਤਰਾਂ ਦੇ ਕਈ ਅਹੁਦੇ ਖਾਲੀ, ਨੌਕਰਸ਼ਾਹਾਂ ਦਾ ਕੰਮਕਾਜ ਪ੍ਰਭਾਵਿਤ

09/19/2021 10:33:56 AM

ਨਵੀਂ ਦਿੱਲੀ— ਹਾਈਕੋਰਟਾਂ ਅਤੇ ਟ੍ਰਿਬਿਊਨਲਾਂ ’ਚ ਭਾਰੀ ਗਿਣਤੀ ’ਚ ਖਾਲੀ ਅਹੁਦਿਆਂ ਦੀ ਸਮੱਸਿਆ ਪਿੱਛੋਂ ਹੁਣ ਕੇਂਦਰ ਦੇ ਵੱਖ-ਵੱਖ ਵਿਭਾਗਾਂ ’ਚ ਵੀ ਸਕੱਤਰਾਂ ਦੇ ਕਈ ਅਹੁਦੇ ਖਾਲੀ ਹੋਣ ਦੀ ਗੱਲ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਵਿਭਾਗਾਂ ’ਚ ਸਕੱਤਰਾਂ ਦੇ 12 ਤੋਂ ਵੱਧ ਅਹੁਦੇ ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਏ ਹਨ। ਜੇ ਇਹੀ ਹਾਲਤ ਰਹੀ ਤਾਂ ਇਸ ਮਹੀਨੇ ਦੇ ਅੰਤ ਤੱਕ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ ਕਿਉਂਕਿ ਕੁਝ ਹੋਰ ਸਕੱਤਰ ਰਿਟਾਇਰ ਹੋਣ ਵਾਲੇ ਹਨ।

ਇਥੋਂ ਤੱਕ ਕਿ ਜੁਲਾਈ 2019 ਤੋਂ ਪ੍ਰਧਾਨ ਮੰਤਰੀ ਦਫਤਰ ’ਚ ਵੀ ਕੋਈ ਸਕੱਤਰ ਨਹੀਂ ਹੈ। ਉਥੇ ਪਹਿਲਾਂ ਭਾਸਕਰ ਕੁਲਬੇ ਤਾਇਨਾਤ ਸਨ। ਉਂਝ ਸਲਾਹਕਾਰ ਵਜੋਂ ਉਨ੍ਹਾਂ ਦੀ ਵਾਪਸੀ ਭਾਵੇਂ ਹੋ ਗਈ ਹੈ ਪਰ ਪੀ. ਐੱਮ. ਓ. ’ਚ ਅਜੇ ਤੱਕ ਕੋਈ ਵੀ ਸਕੱਤਰ ਨਹੀਂ ਹੈ। ਮੁੱਖ ਸਲਾਹਕਾਰ ਪੀ. ਕੇ. ਸਿਨ੍ਹਾ ਅਤੇ ਵਿਸ਼ੇਸ਼ ਸਲਾਹਕਾਰ ਅਮਰਜੀਤ ਸਿਨ੍ਹਾ ਦੀ ਪੀ. ਐੱਮ. ਓ. ’ਚੋਂ ਅਚਾਨਕ ਵਿਦਾਇਗੀ ਪਿੱਛੋਂ ਕੋਈ ਨਵੀਂ ਨਿਯੁਕਤੀ ਨਹੀਂ ਕੀਤੀ ਗਈ। ਕਾਰਮਿਕ ਅਤੇ ਸਿਖਲਾਈ ਵਿਭਾਗ ਜੋ ਕੇਂਦਰ ਸਰਕਾਰ ਦੀਆਂ ਸਭ ਨਿਯੁਕਤੀਆਂ ਨੂੰ ਸੰਭਾਲਦਾ ਹੈ, ਉਹ ਖੁਦ ਸਕੱਤਰ ਤੋਂ ਬਿਨਾਂ ਹੀ ਚੱਲ ਰਿਹਾ ਹੈ। ਇਹੀ ਹਾਲ ਪੈਨਸ਼ਨ ਵਿਭਾਗ ਦਾ ਹੈ। ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਕੋਲ ਇਸ ਦਾ ਐਡੀਸ਼ਨਲ ਭਾਰ ਹੈ।

ਨਵਗਠਿਤ ਸਹਿਕਾਰਤਾ ਮੰਤਰਾਲਾ ਨੂੰ ਆਪਣੇ ਪਹਿਲੇ ਸਕੱਤਰ ਦੀ ਲੋੜ ਹੈ। ਅਜੇ ਇਸ ਦੀ ਵਾਧੂ ਜ਼ਿੰਮੇਵਾਰੀ ਐਡੀਸ਼ਨਲ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਕੋਲ ਹੈ। ਆਰਥਿਕ ਪੱਖੋਂ ਅਹਿਮ ਉਦਯੋਗ ਅਤੇ ਅੰਦਰੂਨੀ ਵਪਾਰ ਹੱਲਾਸ਼ੇਰੀ ਵਿਭਾਗ ਵੀ ਐਡਹਾਕ ਪ੍ਰਬੰਧਾਂ ਦੇ ਆਧਾਰ ’ਤੇ ਚੱਲ ਰਿਹਾ ਹੈ। ਇਸ ਨੂੰ ਗਿਰੀਧਰ ਅਰਾਮਾਨੇ ਸੰਭਾਲ ਰਹੇ ਹਨ। ਉਹ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੇ ਵੀ ਸਕੱਤਰ ਹਨ। ਉੱਤਰੀ-ਪੂਰਬੀ ਵਿਕਾਸ ਵਿਭਾਗ ਵੀ ਸਕੱਤਰ ਤੋਂ ਬਿਨਾਂ ਹੈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਪਾਣੀ ਸੋਮਿਆਂ ਬਾਰੇ ਮੰਤਰਾਲਾ ਅਧੀਨ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ ਵੀ ਜਨਵਰੀ 2021 ’ਚ ਪਰਮੇਸ਼ਵਰਨ ਅਈਅਰ ਨੂੰ ਹਟਾਉਣ ਪਿੱਛੋਂ ਮੁਖੀ ਤੋਂ ਬਿਨਾਂ ਹੈ। ਭੂ-ਵਿਗਿਆਨ ਮੰਤਰਾਲਾ ਨੂੰ ਨਵੇਂ ਸਕੱਤਰ ਦੀ ਉਡੀਕ ਹੈ ਜਦੋਂ ਕਿ ਵਿਗਿਆਨ ਅਤੇ ਤਕਨੀਕੀ ਵਿਭਾਗ ਵੀ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਦੀ ਵਿਦਾਇਗੀ ਪਿੱਛੋਂ ਬਿਨਾਂ ਸਕੱਤਰ ਤੋਂ ਹੀ ਚੱਲ ਰਿਹਾ ਹੈ। ਅਧਿਕਾਰਤ ਭਾਸ਼ਾ ਵਿਭਾਗ (ਐੱਮ. ਐੱਚ. ਏ.), ਕਿਰਤ ਅਤੇ ਰੋਜ਼ਗਾਰ, ਵਿਧਾਨਿਕ ਅਤੇ ਹੁਨਰ ਵਿਕਾਸ ਵਿਭਾਗ ਵੀ ਸਕੱਤਰਾਂ ਤੋਂ ਬਿਨਾਂ ਹੈ।


Tanu

Content Editor

Related News