ਕਈ ਜ਼ਿਲ੍ਹਿਆਂ ''ਚ ਅੱਜ ਪੈ ਸਕਦੈ ਮੋਹਲੇਧਾਰ ਮੀਂਹ, IMD ਨੇ ਜਾਰੀ ਕੀਤਾ ਅਲਰਟ
Monday, Aug 12, 2024 - 10:38 AM (IST)
ਦੇਹਰਾਦੂਨ- ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਯਾਨੀ ਕਿ ਸੋਮਵਾਰ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਵਲੋਂ ਜਾਰੀ ਪੂਰਵ ਅਨੁਮਾਨ ਮੁਤਾਬਕ ਦੇਹਰਾਦੂਨ, ਟਿਹਰੀ, ਚੰਪਾਵਤ, ਨੈਨੀਤਾਲ, ਚਮੋਲੀ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਵਿਚ ਮੋਹਲੇਧਾਰ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਖੇਤਰਾਂ ਵਿਚ ਦਿਨ ਭਰ ਮੀਂਹ ਦੀਆਂ ਤੇਜ਼ ਬੌਛਾਰਾਂ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਹੋਰ ਜ਼ਿਲ੍ਹਿਆਂ ਵਿਚ ਵੀ ਮੋਹਲੇਧਾਰ ਮੀਂਹ ਦਾ ਅਨੁਮਾਨ ਲਾਇਆ ਗਿਆ ਹੈ, ਜਿਸ ਕਾਰਨ ਸੂਬੇ ਭਰ ਵਿਚ ਜਨ ਜੀਵਨ ਪ੍ਰਭਾਵਿਤ ਹੋ ਸਕਦਾ ਹੈ। ਮੀਂਹ ਦੇ ਨਾਲ-ਨਾਲ ਪਹਾੜੀ ਇਲਾਕਿਆਂ ਵਿਚ ਜ਼ਮੀਨ ਖਿਸਕਣ ਅਤੇ ਹੇਠਲੇ ਇਲਾਕਿਆਂ ਵਿਚ ਹੜ੍ਹ ਦਾ ਖ਼ਤਰਾ ਵੀ ਵੱਧ ਸਕਦਾ ਹੈ, ਜਿਸ ਕਾਰਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਸਮ ਦੀ ਜਾਣਕਾਰੀ ਤੋਂ ਅਪਡੇਟ ਰਹਿਣ ਅਤੇ ਬਿਨਾਂ ਕਾਰਨ ਘਰ ਤੋਂ ਬਾਹਰ ਨਿਕਲਣ ਤੋਂ ਬਚਣ। ਖ਼ਾਸ ਤੌਰ 'ਤੇ ਪਹਾੜੀ ਖੇਤਰਾਂ ਵਿਚ ਯਾਤਰਾ ਕਰਨ ਤੋਂ ਪਹਿਲਾਂ ਮਾਰਗ ਦੀ ਸਥਿਤੀ ਅਤੇ ਮੌਸਮ ਦਾ ਹਾਲ ਜਾਣ ਲੈਣਾ ਬੇਹੱਦ ਜ਼ਰੂਰੀ ਹੈ।
ਮੋਹਲੇਧਾਰ ਮੀਂਹ ਕਾਰਨ ਸੜਕਾਂ 'ਤੇ ਪਾਣੀ ਭਰ ਸਕਦਾ ਹੈ ਅਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਨਦੀਆਂ ਅਤੇ ਨਾਲਿਆਂ ਵਿਚ ਪਾਣੀ ਦਾ ਪੱਧਰ ਵੱਧਣ ਦੀ ਸੰਭਾਵਨਾ ਹੈ, ਜਿਸ ਨਾਲ ਕੁਝ ਇਲਾਕਿਆਂ ਵਿਚ ਹੜ੍ਹ ਦੀ ਸਥਿਤੀ ਬਣ ਸਕਦੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ ਦੇ ਕਿਨਾਰਿਆਂ ਅਤੇ ਪਾਣੀ ਭਰ ਜਾਣ ਵਾਲੇ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਓਧਰ ਸਰਕਾਰ ਨੇ ਆਫ਼ਤ ਪ੍ਰਬੰਧਨ ਟੀਮਾਂ ਨੂੰ ਅਲਰਟ 'ਤੇ ਰੱਖਿਆ ਹੈ।