ਕਾਂਗਰਸ ਨੇ ਸਿੱਖ ਦੰਗਿਆਂ ਦੀ ਕਦੇ ਵੀ ਹਮਾਇਤ ਨਹੀਂ ਕੀਤੀ : ਮਨੂ ਸਿੰਘਵੀ
Monday, Aug 27, 2018 - 10:15 AM (IST)

ਨਵੀਂ ਦਿੱਲੀ— ਕਾਂਗਰਸ ਨੇ ਕਿਹਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਉਸ ਨੇ ਕਦੇ ਵੀ ਹਮਾਇਤ ਨਹੀਂ ਕੀਤੀ। ਉਸ ਦੇ ਕਈ ਚੋਟੀ ਦੇ ਆਗੂਆਂ ਨੂੰ ਇਸ ਦਾ ਵੱਡਾ ਖਮਿਆਜ਼ਾ ਭੁਗਤਣਾ ਪਿਆ ਹੈ। ਦਿੱਲੀ ਦੇ ਕਈ ਕਾਂਗਰਸੀ ਆਗੂਆਂ 'ਤੇ ਮੁਕੱਦਮੇ ਚੱਲੇ ਤੇ ਸੁਪਰੀਮ ਕੋਰਟ ਤਕ ਮਾਮਲਾ ਪੁੱਜਾ।
ਜਾਣਕਾਰੀ ਮੁਤਾਬਕ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਐਤਵਾਰ ਇਥੇ ਪਾਰਟੀ ਹੈੱਡਕੁਆਰਟਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨਾਂ 'ਤੇ ਸਿਆਸੀ ਰੋਟੀਆਂ ਨਹੀਂ ਸੇਕੀਆਂ ਜਾਣੀਆਂ ਚਾਹੀਦੀਆਂ। ਅਕਾਲੀ ਦਲ ਵਰਗੀਆਂ ਕੁਝ ਪਾਰਟੀਆਂ ਇਸ ਮੁੱਦੇ 'ਤੇ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਪਰ ਇਸ ਕਾਰਨ ਸੱਚਾਈ ਨੂੰ ਲੁਕੋਇਆ ਨਹੀਂ ਜਾ ਸਕਦਾ। ਕਾਂਗਰਸ ਨੇ ਕਦੇ ਵੀ ਇਨ੍ਹਾਂ ਦੰਗਿਆਂ ਦੀ ਹਮਾਇਤ ਨਹੀਂ ਕੀਤੀ, ਇਸ ਲਈ ਇਹ ਕਹਿਣਾ ਗਲਤ ਹੈ ਕਿ ਪਾਰਟੀ ਇਨ੍ਹਾਂ ਦੰਗਿਆਂ ਲਈ ਸਮੂਹਿਕ ਜ਼ਿੰਮੇਵਾਰ ਹੈ।
ਸਿੰਘਵੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਵਾਰ-ਵਾਰ ਇਸ ਮੁੱਦੇ 'ਤੇ ਵੱਖ-ਵੱਖ ਸਟੇਜਾਂ ਤੋਂ ਮੁਆਫੀ ਮੰਗੀ ਹੈ। ਰਾਹੁਲ ਗਾਂਧੀ ਤੋਂ ਪਹਿਲਾਂ ਸੋਨੀਆ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਮੁਆਫੀ ਮੰਗ ਚੁੱਕੇ ਹਨ। ਉਨ੍ਹਾਂ ਇਸ ਸਬੰਧੀ ਗੁਜਰਾਤ ਦੰਗਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੀ ਇਨ੍ਹਾਂ ਦੰਗਿਆਂ ਲਈ ਕਿਸੇ ਭਾਜਪਾ ਨੇਤਾ ਦੀ ਸਿਆਸਤ ਖਤਮ ਹੋਈ ਹੈ ਜਾਂ ਕਿਸੇ ਭਾਜਪਾ ਆਗੂ ਨੇ ਅੱਜ ਤਕ ਮੁਆਫੀ ਮੰਗੀ ਹੈ?