ਨੋਟਾ ''ਤੇ ਦਸਤਖ਼ਤ ਤੋਂ ਲੈ ਕੇ PM ਤੱਕ, ਭਾਰਤੀ ਦਿਲਾਂ ''ਚ ਹਮੇਸ਼ਾ ਰਹਿਣਗੀਆਂ ਮਨਮੋਹਨ ਸਿੰਘ ਦੀਆਂ ਯਾਦਾਂ
Saturday, Dec 28, 2024 - 12:29 PM (IST)
ਨੈਸ਼ਨਲ ਡੈਸਕ- ਭਾਰਤ ਨੇ ਇਕ ਅਜਿਹਾ ਸਪੂਤ ਗੁਆ ਦਿੱਤਾ ਹੈ, ਜੋ ਸਦੀਆਂ ਵਿਚ ਇਕ ਵਾਰ ਜਨਮ ਲੈਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਦਿਹਾਂਤ ਭਾਰਤੀ ਸਿਆਸਤ ਅਤੇ ਸਮਾਜ ਲਈ ਇਕ ਵੱਡਾ ਘਾਟਾ ਹੈ। ਡਾ. ਮਨਮੋਹਨ ਸਿੰਘ ਦਾ ਯੋਗਦਾਨ, ਉਨ੍ਹਾਂ ਦੀ ਵਿਚਾਰਧਾਰਾ, ਕਾਰਜਸ਼ੈਲੀ ਨੇ ਦੇਸ਼ ਨੂੰ ਨਾ ਸਿਰਫ਼ ਇਕ ਨਵੀਂ ਦਿਸ਼ਾ ਦਿੱਤੀ, ਸਗੋਂ ਉਨ੍ਹਾਂ ਨੇ ਭਾਰਤੀ ਸਿਆਸਤ ਦੇ ਸਭ ਤੋਂ ਸਨਮਾਨਤ ਅਤੇ ਪ੍ਰਭਾਵਸ਼ਾਲੀ ਨੇਤਾਵਾਂ ਵਿਚ ਇਕ ਬਣਾ ਦਿੱਤਾ। ਉਨ੍ਹਾਂ ਦੀਆਂ ਯਾਦਾਂ, ਯੋਗਦਾਨ ਅਤੇ ਉਨ੍ਹਾਂ ਦੀ ਨਿਮਰ ਸ਼ਖ਼ਸੀਅਤ ਭਾਰਤੀਆਂ ਦੇ ਦਿਲਾਂ ਵਿਚ ਹਮੇਸ਼ਾ ਜ਼ਿੰਦਾ ਰਹੇਗੀ।
ਡਾ: ਮਨਮੋਹਨ ਸਿੰਘ ਦਾ ਪਰਿਚੈ ਭਾਰਤੀ ਨਾਗਰਿਕਾਂ ਲਈ ਸਭ ਤੋਂ ਪਹਿਲਾਂ ਨੋਟਾਂ 'ਤੇ ਉਨ੍ਹਾਂ ਦੇ ਦਸਤਖ਼ਤ ਤੋਂ ਹੋਇਆ ਸੀ। ਜਦੋਂ ਉਹ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸਨ, ਤਾਂ ਉਨ੍ਹਾਂ ਦੇ ਦਸਤਖਤ ਵਾਲੇ ਕਰੰਸੀ ਨੋਟਾਂ ਨੇ ਆਮ ਨਾਗਰਿਕਾਂ ਵਿਚਾਲੇ ਉਨ੍ਹਾਂ ਨੂੰ ਇਕ ਜਾਣਿਆ-ਪਛਾਣਿਆ ਚਿਹਰਾ ਬਣਾ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਉਹ 1990 ਦੇ ਦਹਾਕੇ ਵਿਚ ਭਾਰਤ ਦੇ ਵਿੱਤ ਮੰਤਰੀ ਬਣੇ ਤਾਂ ਉਨ੍ਹਾਂ ਨੇ ਭਾਰਤੀ ਅਰਥਵਿਵਸਥਾ ਨੂੰ ਇਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਨੇ ਭਾਰਤੀ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕੀਤੀ ਅਤੇ ਆਰਥਿਕ ਉਦਾਰੀਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ। ਉਨ੍ਹਾਂ ਦੇ ਕਾਰਜਕਾਲ ਵਿਚ ਸ਼ੁਰੂ ਹੋਈ ਆਰਥਿਕ ਉਦਾਰੀਕਰਨ ਦੀ ਪ੍ਰਕਿਰਿਆ ਨੇ ਭਾਰਤੀ ਅਰਥ ਵਿਵਸਥਾ ਨੂੰ ਗਲੋਬਲ ਮੰਚ 'ਤੇ ਇਕ ਨਵਾਂ ਸਥਾਨ ਦਿਵਾਇਆ।
ਮਨਮੋਹਨ ਸਿੰਘ ਦਾ ਕਾਰਜਕਾਲ ਸਿਰਫ਼ ਵਿੱਤ ਮੰਤਰੀ ਤੱਕ ਸੀਮਤ ਨਹੀਂ ਸੀ। ਜਦੋਂ ਉਹ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਆਪਣੀ ਪਹਿਲੀ ਪਾਰੀ ਵਿੱਚ ਕਈ ਇਤਿਹਾਸਕ ਫੈਸਲੇ ਲਏ। ਉਨ੍ਹਾਂ ਨੇ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ। ਮਨਰੇਗਾ (ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ) ਨੂੰ ਲਾਗੂ ਕੀਤਾ, ਜੋ ਕਿ ਪੇਂਡੂ ਭਾਰਤ ਦੇ ਰੁਜ਼ਗਾਰ ਸੰਕਟ ਨੂੰ ਹੱਲ ਕਰਨ ਲਈ ਇਕ ਮਹੱਤਵਪੂਰਨ ਕਦਮ ਸੀ। ਇਸ ਤੋਂ ਇਲਾਵਾ "ਸੂਚਨਾ ਦਾ ਅਧਿਕਾਰ" ਅਤੇ "ਸਿੱਖਿਆ ਦਾ ਅਧਿਕਾਰ" ਵਰਗੇ ਮਹੱਤਵਪੂਰਨ ਕਾਨੂੰਨ ਵੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਬਣਾਏ ਗਏ ਸਨ। ਇਨ੍ਹਾਂ ਕਾਨੂੰਨਾਂ ਨੇ ਨਾ ਸਿਰਫ਼ ਸਮਾਜ ਦੇ ਕਮਜ਼ੋਰ ਵਰਗ ਨੂੰ ਅਧਿਕਾਰ ਦਿੱਤੇ, ਸਗੋਂ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ ਨੂੰ ਵੀ ਮਜ਼ਬੂਤ ਕੀਤਾ।