ਗੁਰੂ ਸਾਹਿਬ ਦਾ ਸੰਦੇਸ਼ ਘਰ ਘਰ ਪਹੁੰਚਾਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡਾਂਗੇ : ਸਿਰਸਾ

09/07/2019 10:37:01 PM

ਨਵੀਂ ਦਿੱਲੀ — ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਮੈਟਰੋ ਵਿਚ ਲਾਏ ਗਏ ਗੁਰੂ ਸਾਹਿਬ ਦੇ ਸੰਦੇਸ਼ ਦੇ ਬੋਰਡਾਂ ’ਤੇ ਲੋਕਾਂ ਦਾ ਪ੍ਰਤੀਕਰਮ ਵੇਖਣ ਵਾਸਤੇ ਖੁਦ ਮੈਟਰੋ ਵਿਚ ਸਫਰ ਕੀਤਾ

ਸਿਰਸਾ ਨੇ ਮੈਟਰੋ ਵਿਚ ਵੱਖ-ਵੱਖ ਵਰਗਾਂ ਅਤੇ ਧਰਮਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪੜ੍ਹ ਰਹੇ ਲੋਕਾਂ ਤੋਂ ਉਨ੍ਹਾਂ ਦੇ ਸੰਦੇਸ਼ਾਂ ਪ੍ਰਤੀ ਵਿਚਾਰ ਵੀ ਜਾਣੇ। ਇਸ ਮੌਕੇ ਲੋਕਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸ਼ਲਾਘਾ ਕੀਤੀ, ਜਿਸਨੇ ਇਹ ਸੰਦੇਸ਼ ਬੋਰਡ ਲਾ ਕੇ ਲੋਕਾਂ ਨੂੰ ਗੁਰੂ ਸਾਹਿਬ ਦੇ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤ ਤੋਂ ਜਾਣੂ ਕਰਵਾਇਆ। ਲੋਕਾਂ ਨੇ ਗੁਰੂ ਸਾਹਿਬ ਵੱਲੋਂ ਸਰਬ ਸਾਂਝੀਵਾਲਾ ਤੇ ਇਸਤਰੀ ਦੀ ਉਪਮਾ ਕਰਨ ਦੇ ਬੋਰਡਾਂ ਬਾਰੇ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ ਤੇ ਸ੍ਰੀ ਸਿਰਸਾ ਨੂੰ ਦੱਸਿਆ ਕਿ ਉਹ ਗੁਰੂ ਸਾਹਿਬ ਦੇ ਮਨੁੱਖਤਾ ਪ੍ਰਤੀ ਦਿੱਤੇ ਸੰਦੇਸ਼ਾਂ ਤੋਂ ਬੇਹੱਦ ਪ੍ਰਭਾਵਿਤ ਹਨ।

ਸਿਰਸਾ ਨੇ ਇਸ ਮੌਕੇ ਲੋਕਾਂ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸਿਰਫ ਸਿੱਖਾਂ ਲਈ ਨਹੀਂ ਬਲਕਿ ਸਮੁੱਚੀ ਮਾਨਵਤਾ ਲਈ ਹੈ। ਗੁਰੂ ਸਾਹਿਬ ਨੇ ਹਰੇਕ ਨੂੰ ਆਪਣੇ ਧਰਮ ’ਤੇ ਪੱਕਾ ਰਹਿਣ ਦਾ ਉਪਦੇਸ਼ ਦਿੱਤਾ ਤੇ ਸਮਾਜ ਨੂੰ ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਇਸ ਮੌਕੇ ਰਾਹਗੀਰਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਨੇ ਇਨ੍ਹਾਂ ਸਮਾਗਮਾਂ ਦੀ ਜਾਣਕਾਰੀ ਵੀ ਲੋਕਾਂ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਅਸੀਂ ਇਸ ਮਹਾਨ ਮੌਕੇ ’ਤੇ ਗੁਰੂ ਸਾਹਿਬ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ।


Inder Prajapati

Content Editor

Related News