ਸਿਰਸਾ ਜੇਕਰ ਪਾਕਿਸਤਾਨ ''ਚ ਹੁੰਦੇ ਤਾਂ ਹੁਣ ਤੱਕ ਈਸ਼ ਨਿੰਦਾ ਕਾਨੂੰਨ ''ਚ ਫਾਂਸੀ ਹੋ ਗਈ ਹੁੰਦੀ : ਜੀ.ਕੇ.

07/29/2020 6:10:13 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸਿੱਖ ਇਤਿਹਾਸ 'ਤੇ ਘੱਟ ਜਾਣਕਾਰੀ ਦੀ ਜ਼ਿੰਮੇਵਾਰ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੀ ਹੈ। ਸਿਰਸਾ ਦੀ ਨਾ ਮੁਆਫ਼ੀ ਯੋਗ ਗਲਤੀਆਂ ਲਈ ਜਿੰਨੇ ਸਿਰਸਾ ਜ਼ਿੰਮੇਵਾਰ ਹਨ, ਓਨੀ ਜ਼ਿੰਮੇਵਾਰੀ ਧਰਮ ਪ੍ਰਚਾਰ ਕਮੇਟੀ ਦੀ ਵੀ ਹੈ। ਇਸ ਲਈ ਗਿਆਨ ਹਰਪ੍ਰੀਤ ਸਿੰਘ, ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਧਰਮ ਦੇ ਪ੍ਰਚਾਰ ਦੇ ਨਾਂ 'ਤੇ ਹੋ ਰਹੇ ਇਸ ਅਨਰਥ ਨੂੰ ਰੋਕਣ 'ਚ ਅਸਫ਼ਲ ਰਹਿਣ ਲਈ ਤੁਰੰਤ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਬਰਖ਼ਾਸਤ ਕਰਨਾ ਚਾਹੀਦਾ। ਇਹ ਅਪੀਲ 'ਜਾਗੋ' ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜੱਥੇਦਾਰ ਨੂੰ ਕੀਤੀ ਹੈ। ਜੀ.ਕੇ. ਨੇ ਕਿਹਾ ਕਿ ਇਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖੀ ਨਾਲ ਜੁੜੇ ਵਿਵਾਦਿਤ ਮੁੱਦਿਆਂ ਨੂੰ ਨਜਿੱਠਣ ਲਈ ਸ਼ਹਿਰ ਦੀਆਂ ਵੱਡੀਆਂ ਧਰਮ ਪ੍ਰਚਾਰ ਕਮੇਟੀਆਂ ਨੂੰ ਅਧਿਕਾਰ ਦਿੱਤੇ ਗਏ ਹਨ। ਪਰ ਦਿੱਲੀ 'ਚ ਤਾਂ 'ਸਈਆਂ ਭਯੇ ਕੋਤਵਾਲ' ਵਾਲੇ ਹਾਲਾਤ ਬਣ ਗਏ ਹਨ, ਕਿਉਂਕਿ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਾਂ ਮੈਂਬਰ ਆਪਣੇ ਪ੍ਰਧਾਨ ਮੰਤਰੀ ਕਿਵੇਂ ਜਵਾਬ ਤਲੱਬੀ ਕਰ ਸਕਦੇ ਹਨ? ਜਿਨ੍ਹਾਂ ਨੂੰ ਨਿਯੁਕਤ ਹੀ ਕਮੇਟੀ ਪ੍ਰਧਾਨ ਨੇ ਕੀਤੀ ਹੋਵੇ। ਇਸ ਲਈ ਧਰਮ ਪ੍ਰਚਾਰ ਕਮੇਟੀ ਦੇ ਮੂਕ ਦਰਸ਼ਕ ਬਣਨ ਦਾ ਫਾਇਦਾ ਸਿਰਸਾ ਲਗਾਤਾਰ ਚੁੱਕ ਕੇ ਸਿੱਖ ਇਤਿਹਾਸ ਦੀਆਂ ਧੱਜੀਆਂ ਉੱਡਾ ਰਹੇ ਹਨ।

ਜੀ.ਕੇ. ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਸਿਰਸਾ ਨੂੰ ਪ੍ਰਧਾਨ ਬਣੇ ਇੰਨੇ ਮਹੀਨੇ ਨਹੀਂ ਹੋਏ, ਜਿੰਨੀਆਂ ਉਨ੍ਹਾਂ ਨੇ ਸਿੱਖ ਇਤਿਹਾਸ ਅਤੇ ਮਰਿਆਦਾ ਨਾਲ ਸੰਬੰਧਤ ਭਿਆਨਕ ਗਲਤੀਆਂ ਕਰ ਦਿੱਤੀਆਂ ਹਨ। ਜਿਸ ਦੀ ਜ਼ਿੰਮੇਵਾਰੀ ਧਰਮ ਪ੍ਰਚਾਰ ਕਮੇਟੀ ਦੀ ਵੀ ਹੈ, ਕਿਉਂਕਿ ਜ਼ਿਆਦਾਤਰ ਗਲਤੀਆਂ ਕਮੇਟੀ ਦੀ ਸਟੇਜ ਤੋਂ ਹੋਈਆਂ ਹਨ। ਸਿਰਸਾ ਵਲੋਂ ਮੰਗਲਵਾਰ ਨੂੰ ਰਾਸ਼ਟਰੀ ਨਿਊਜ਼ ਚੈਨਲ 'ਤੇ ਭਾਈ ਤਾਰੂ ਸਿੰਘ ਦਾ ਗਲਤ ਇਤਿਹਾਸ ਦੱਸਣ ਨੂੰ ਸ਼ਰਮਨਾਕ ਦੱਸਦੇ ਹੋਏ ਜੀ.ਕੇ. ਨੇ ਕਿਹਾ ਕਿ ਖਾਲਸਾ ਸਕੂਲ 'ਚ ਪੜ੍ਹਦੇ ਬੱਚਿਆਂ ਨੂੰ ਸਿਰਸਾ ਤੋਂ ਜ਼ਿਆਦਾ ਅਤੇ ਪ੍ਰਮਾਣਿਤ ਸਿੱਖ ਇਤਿਹਾਸ ਪਤਾ ਹੈ ਪਰ ਸਿਰਸਾ ਦਰਜਨਾਂ ਗਲਤੀਆਂ ਕਰਨ ਅਤੇ ਜੱਥੇਦਾਰ ਵਲੋਂ ਚਿਤਾਵਨੀ ਜਾਰੀ ਕਰਨ ਦੇ ਬਾਵਜੂਦ ਰੋਜ਼ਾਨਾ ਕੌਮ ਦਾ ਮਜ਼ਾਕ ਉੱਡਾ ਰਹੇ ਹਨ। ਜਿਸ ਦਾ ਸਭ ਤੋਂ ਵੱਡਾ ਉਦਾਹਰਣ ਕਮੇਟੀ ਵਲੋਂ ਇੰਡੀਆ ਗੇਟ 'ਚ ਕਰਵਾਏ ਗਏ ਸਮਾਗਮ ਕੁਰਸੀ 'ਤੇ ਬੈਠ ਕੇ ਬੂਟ ਪਾ ਕੇ ਕੀਰਤਨ ਸੁਣਨ ਦਾ ਅਨੋਖਾ ਕੀਰਤੀਮਾਨ ਬਣਾਉਣਾ ਸ਼ਾਮਲ ਹੈ। ਜੀ.ਕੇ. ਨੇ ਕਿਹਾ ਕਿ ਸਿਰਸਾ ਸ਼ੁਕਰ ਮਨਾਉਣ ਕਿ ਉਹ ਭਾਰਤ 'ਚ ਹਨ, ਜੇਕਰ ਕਿਤੇ ਪਾਕਿਸਤਾਨ 'ਚ ਹੁੰਦੇ ਤਾਂ ਹੁਣ ਤੱਕ ਸਿਰਸਾ ਦੇ ਨਾਪਾਕ ਇਤਿਹਾਸ ਲਈ ਉਨ੍ਹਾਂ ਨੂੰ ਈਸ਼ ਨਿੰਦਾ ਕਾਨੂੰਨ 'ਚ ਫਾਂਸੀ ਹੋ ਚੁਕੀ ਹੁੰਦੀ।
 


DIsha

Content Editor

Related News