ਮਣੀਪੁਰ: ਦੋ ਨੌਜਵਾਨਾਂ ਦੀ ਮੌਤ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ''ਤੇ ਪੁਲਸ ਨੇ ਕੀਤਾ ਲਾਠੀਚਾਰਜ
Tuesday, Sep 26, 2023 - 07:54 PM (IST)
ਇੰਫਾਲ- ਮਣੀਪੁਰ ਦੀ ਇੰਫਾਲ ਘਾਟੀ 'ਚ ਦੋ ਨੌਜਵਾਨਾਂ ਦੇ ਕਤਲ ਦੇ ਖਿਲਾਫ ਪ੍ਰਦਰਸ਼ਨ ਕਰ ਰਹੀ ਭੀੜ 'ਤੇ ਪੁਲਸ ਨੇ ਮੰਗਲਵਾਰ ਨੂੰ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ, ਜਿਸ ਵਿਚ 30 ਤੋਂ ਜ਼ਿਆਦਾ ਵਿਦਿਆਰਥੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ, ਜ਼ਖਮੀਆਂ 'ਚ ਜ਼ਿਆਦਾਤਰ ਕੁੜੀਆਂ ਹਨ। ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਜੁਲਾਈ 'ਚ ਕਥਿਤੀ ਤੌਰ 'ਤੇ ਅਗਵਾ ਕੀਤਾ ਗਿਆ ਸੀ। ਦੋ ਨੌਜਵਾਨਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਮੀਡੀਆ 'ਤੇ ਵਾਇਰਲ ਹੋਣ ਦੇ ਕੁਝ ਘੰਟਿਆਂ ਬਾਅਦ ਇੰਫਾਲ ਸਥਿਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਵਿਰੋਧ ਰੈਲੀਆਂ ਕੱਢੀਆਂ ਅਤੇ ਕਤਲ 'ਚ ਸ਼ਾਮਲ ਲੋਕਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਦੀ ਇੰਫਾਲ ਪੂਰਬੀ ਜ਼ਿਲ੍ਹੇ ਦੇ ਸੰਜੇਨਥੋਂਗ ਨੇੜੇ ਪੁਲਸ ਦੇ ਨਾਲ ਝੜਪ ਹੋ ਗਈ ਜਦੋਂ ਸੁਰੱਖਿਆ ਫੋਰਸ ਨੇ ਉਨ੍ਹਾਂ ਨੇ ਇਥੇ ਮੁੱਖ ਮੰਤਰੀ ਦਫਤਰ ਵੱਲ ਵਧਣ ਤੋਂ ਰੋਕ ਦਿੱਤਾ। ਪੁਲਸ ਨੇ ਅੰਦੋਲਨਕਾਰੀਆਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਲਾਠੀਚਾਰਜ ਕੀਤਾ।
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੋ ਨੌਜਵਾਨਾਂ ਦੇ ਕਤਲ ਦੇ ਵਿਰੋਧ 'ਚ ਇੰਫਾਲ 'ਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਰੈਲੀ ਕੱਢੀ। ਜਿਵੇਂ ਹੀ ਵਿਦਿਆਰਥੀ ਮੁੱਖ ਮੰਤਰੀ ਦਫਤਰ ਵੱਲ ਵੱਧ ਰਹੇ ਸਨ, ਸੁਰੱਖਿਆ ਫੋਰਸ ਨੇ ਉਨ੍ਹਾਂ ਨੂੰ ਰੋਕਣ ਲਈ ਕਾਰਵਾਈ ਕੀਤੀ। ਮੈਡੀਕਲ ਸਹੂਲਤਾਂ ਦੇ ਅਧਿਕਾਰੀ ਨੇ ਕਿਹਾ ਕਿ ਪੁਲਸ ਕਾਰਵਾਈ 'ਚ 30 ਤੋਂ ਜ਼ਿਆਦਾ ਵਿਦਿਆਰਥੀ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇੰਫਾਲ ਦੇ ਤਿੰਨ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।
ਲਾਪਤਾ ਵਿਦਿਆਰਥੀਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਸਨ ਜਿਸਤੋਂ ਬਾਅਦ ਮਣੀਪੁਰ ਸਰਕਾਰ ਨੇ ਲੋਕਾਂ ਨੂੰ ਸੰਜਮ ਵਰਤਣ ਅਤੇ ਦੋਵਾਂ ਦੇ ਅਗਵਾ ਅਤੇ ਕਤਲ ਦੀ ਜਾਂਚ ਵਿਚ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਕਿਹਾ। ਦੋਵਾਂ ਨੌਜਵਾਨਾਂ ਦੀ ਪਛਾਣ ਫਿਜ਼ਾਮ ਹੇਮਜੀਤ (20) ਅਤੇ ਹਿਜ਼ਾਮ ਲਿਨਥੋਇੰਗਮਬੀ (17) ਵਜੋਂ ਹੋਈ ਹੈ।