ਕੁਕੀ ਅੱਤਵਾਦੀਆਂ ਦੇ ਹਮਲੇ ਦੇ ਵਿਰੋਧ ’ਚ ਮਣੀਪੁਰ ਬੰਦ
Wednesday, Nov 13, 2024 - 08:01 PM (IST)
ਇੰਫਾਲ, (ਯੂ. ਐੱਨ. ਆਈ.)- ਮਣੀਪੁਰ ਵਿਚ ਕੁਕੀ ਅੱਤਵਾਦੀਆਂ ਵੱਲੋਂ ਔਰਤਾਂ ਦੀ ਕਥਿਤ ਹੱਤਿਆ, ਸੀਨੀਅਰ ਨਾਗਰਿਕਾਂ ਨੂੰ ਸਾੜਨ, 8 ਮਹੀਨਿਆਂ ਦੀ ਬੱਚੀ ਸਮੇਤ ਔਰਤਾਂ ਅਤੇ ਬੱਚਿਆਂ ਨੂੰ ਅਗਵਾ ਕਰਨ ਦੇ ਵਿਰੋਧ ਵਿਚ ਬੁੱਧਵਾਰ ਨੂੰ ਮਣੀਪੁਰ ਬੰਦ ਰਿਹਾ, ਜਿਸ ਨਾਲ ਜਨਜੀਵਨ ਠੱਪ ਹੋ ਗਿਆ। ਸਾਬਕਾ ਮੁੱਖ ਮੰਤਰੀ ਓਕਰਮ ਇਬੋਬੀ ਸਿੰਘ ਨੇ ਸਵਾਲ ਕੀਤਾ ਕਿ ਕੀ ਮਣੀਪੁਰ ਦੇ ਲੋਕ ਭਾਰਤ ਦੇ ਨਾਗਰਿਕ ਨਹੀਂ ਹਨ ਕਿਉਂਕਿ ਸਰਕਾਰ ਨੇ ਲੋਕਾਂ ਦੇ ਕਤਲ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ।
ਦੂਜੇ ਪਾਸੇ, ਕੇਂਦਰ ਸਰਕਾਰ ਨੇ ਮਣੀਪੁਰ ਵਿਚ ਹਮਲਿਆਂ ਦੀਆਂ ਤਾਜ਼ਾ ਘਟਨਾਵਾਂ ਅਤੇ ਕਾਨੂੰਨ ਵਿਵਸਥਾ ਨਾਲ ਜੁੜੇ ਮੁੱਦਿਆਂ ਦੇ ਮੱਦੇਨਜ਼ਰ ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ (ਸੀ. ਏ. ਪੀ. ਐੱਫ.) ਦੀਆਂ 20 ਵਾਧੂ ਕੰਪਨੀਆਂ ਭੇਜੀਆਂ ਹਨ, ਜਿਸ ਵਿਚ ਲੱਗਭਗ 2000 ਜਵਾਨ ਸ਼ਾਮਲ ਹਨ।
ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਨੇ ਮੰਗਲਵਾਰ ਰਾਤ ਨੂੰ ਇਨ੍ਹਾਂ ਜਵਾਨਾਂ ਨੂੰ ਤਤਕਾਲ ਹਵਾਈ ਮਾਰਗ ਰਾਹੀਂ ਭੇਜਣ ਅਤੇ ਤਾਇਨਾਤ ਕਰਨ ਦਾ ਹੁਕਮ ਜਾਰੀ ਕੀਤਾ। ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਨਾਲ ਸੋਮਵਾਰ ਨੂੰ ਮਣੀਪੁਰ ਦੇ ਜਿਰੀਬਾਮ ਜ਼ਿਲੇ ਵਿਚ ਭਿਆਨਕ ਮੁਕਾਬਲੇ ਵਿਚ ਘੱਟੋ-ਘੱਟ 10 ਸ਼ੱਕੀ ਅੱਤਵਾਦੀ ਮਾਰੇ ਗਏ।