ਅੱਤਵਾਦੀਆਂ ਨਾਲ ਗੱਲਬਾਤ ਕਰ ਰਹੀ ਮਣੀਪੁਰ ਸਰਕਾਰ, ਸ਼ਾਂਤੀ ਸਮਝੌਤੇ ’ਤੇ ਜਲਦ ਹੋਣਗੇ ਹਸਤਾਖਰ : ਮੁੱਖ ਮੰਤਰੀ

Monday, Nov 27, 2023 - 02:39 PM (IST)

ਇੰਫਾਲ, (ਭਾਸ਼ਾ)- ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਇੰਫਾਲ ਘਾਟੀ ਦੇ ਇਕ ਅੱਤਵਾਦੀ ਸਮੂਹ ਨਾਲ ਗੱਲਬਾਤ ਕਰ ਰਹੀ ਹੈ ਅਤੇ ਜਲਦ ਹੀ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਕੀਤੇ ਜਾਣਗੇ। ਸਿੰਘ ਨੇ ਕਿਹਾ ਕਿ ਗੱਲਬਾਤ ਸ਼ੁਰੂਆਤੀ ਪੜਾਅ ’ਚ ਹੈ। ਹਾਲਾਂਕਿ ਉਨ੍ਹਾਂ ਕਿਸੇ ਸੰਗਠਨ ਦਾ ਨਾਂ ਨਹੀਂ ਲਿਆ। ਮੁੱਖ ਮੰਤਰੀ ਨੇ ਕਿਹਾ, “ਅਸੀਂ ਅੱਗੇ ਵਧ ਰਹੇ ਹਾਂ ਅਤੇ ਬਹੁਤ ਜਲਦ ਇਕ ਵੱਡੇ ਅੰਡਰਗ੍ਰਾਊਂਡ ਸੰਗਠਨ ਨਾਲ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਕੀਤੇ ਜਾਣ ਦੀ ਉਮੀਦ ਹੈ।

ਸੂੂਬੇ ’ਚ 3 ਮਈ ਨੂੰ ਜਾਤੀ ਹਿੰਸਾ ਭੜਕਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਵੱਲੋਂ ਅਜਿਹੀ ਗੱਲਬਾਤ ਨੂੰ ਲੈ ਕੇ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਸੀ ਕਿ ਸਰਕਾਰ ਪਾਬੰਦੀਸ਼ੁਦਾ ਸੰਗਠਨ ‘ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ’ (ਯੂ. ਐੱਨ. ਐੱਲ. ਐੱਫ.) ਦੇ ਇਕ ਧੜੇ ਨਾਲ ਗੱਲਬਾਤ ਕਰ ਰਹੀ ਹੈ। ਅਨੁਸੂਚਿਤ ਜਨਜਾਤੀ (ਐੱਸ. ਟੀ.) ਦਾ ਦਰਜਾ ਦੇਣ ਦੀ ਮੇਇਤੀ ਭਾਈਚਾਰੇ ਦੀ ਮੰਗ ਦੇ ਵਿਰੋਧ ਵਿਚ ਪਹਾੜੀ ਜ਼ਿਲਿਆਂ ਵਿਚ 3 ਮਈ ਨੂੰ ਕੱਢੇ ਗਏ ‘ਆਦਿਵਾਸੀ ਇਕਜੁਟਤਾ ਮਾਰਚ’ ਤੋਂ ਬਾਅਦ ਭੜਕੀ ਹਿੰਸਾ ਵਿਚ ਹੁਣ ਤੱਕ 180 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

ਮਣੀਪੁਰ ਦੀ ਆਬਾਦੀ ’ਚ ਮੇਇਤੀ ਲੋਕਾਂ ਦਾ ਸੰਖਿਆ ਕਰੀਬ 53 ਫੀਸਦੀ ਹੈ ਅਤੇ ਉਹ ਜ਼ਿਆਦਾਤਰ ਇੰਫਾਲ ਘਾਟੀ ’ਚ ਰਹਿੰਦੇ ਹਨ, ਜਦਕਿ ਆਦਿਵਾਸੀ, ਜਿਨ੍ਹਾਂ ’ਚ ਨਗਾ ਅਤੇ ਕੁਕੀ ਸ਼ਾਮਲ ਹਨ, 40 ਫੀਸਦੀ ਹਨ ਅਤੇ ਮੁੱਖ ਤੌਰ ’ਤੇ ਪਹਾੜੀ ਜ਼ਿਲਿਆਂ ’ਚ ਰਹਿੰਦੇ ਹਨ। ਅਖ਼ਬਾਰਾਂ ਪ੍ਰਕਾਸ਼ਿਤ ਨਾ ਹੋਣ ਅਤੇ ਸਥਾਨਕ ਟੀ. ਵੀ. ਚੈਨਲਾਂ ਦੇ ਬੰਦ ਹੋਣ ਦੇ ਸਵਾਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸਦੀ ਜਾਣਕਾਰੀ ਸ਼ਨੀਵਾਰ ਨੂੰ ਹੀ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਚ ਸੀ. ਆਈ. ਡੀ. ਨੂੰ ਇਕ ਰਿਪੋਰਟ ਦੇਣ ਦੇ ਨਿਰਦੇਸ਼ ਦੇ ਚੁੱਕੇ ਹਨ। ਇਕ ਅੱਤਵਾਦੀ ਸਮੂਹ ਦੇ ‘ਦਖਲ ’ ਦਾ ਵਿਰੋਧ ਕਰਦੇ ਹੋਏ ਅਖਬਾਰਾਂ ਨੇ ਪ੍ਰਕਾਸ਼ਨ ਅਤੇ ਸਥਾਨਕ ਟੀ. ਵੀ. ਚੈਨਲਾਂ ਨੇ ਪ੍ਰਸਾਰਣ ’ਤੇ ਸ਼ੁੱਕਰਵਾਰ ਤੋਂ ਇੰਫਾਲ ਘਾਟੀ ’ਚ ਰੋਕ ਲਾ ਦਿੱਤੀ ਹੈ। ਇਸ ਕਾਰਨ ਇੱਥੇ ਸੂਚਨਾ ਦਾ ਪ੍ਰਵਾਹ ਪ੍ਰਭਾਵਿਤ ਹੋ ਗਿਆ ਹੈ।


Rakesh

Content Editor

Related News