11 ਮਣੀਮਹੇਸ਼ ਯਾਤਰੀਆਂ ਦੀ ਮੌਤ, ਹਜ਼ਾਰਾਂ ਫਸੇ

Thursday, Aug 28, 2025 - 10:50 PM (IST)

11 ਮਣੀਮਹੇਸ਼ ਯਾਤਰੀਆਂ ਦੀ ਮੌਤ, ਹਜ਼ਾਰਾਂ ਫਸੇ

ਚੰਬਾ/ਬਨੀਖੇਤ, (ਕਾਕੂ ਚੌਹਾਨ/ਪਾਰਥ)- ਚੰਬਾ ਜ਼ਿਲੇ ਵਿਚ ਵਿਗੜੇ ਮੌਸਮ ਨੇ ਬਹੁਤ ਤਬਾਹੀ ਮਚਾਈ ਹੈ। ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਜ਼ਿਆਦਾਤਰ ਸੜਕਾਂ ਬੰਦ ਹੋ ਗਈਆਂ ਹਨ ਅਤੇ ਹਜ਼ਾਰਾਂ ਮਣੀਮਹੇਸ਼ ਸ਼ਰਧਾਲੂ ਵੱਖ-ਵੱਖ ਥਾਵਾਂ ’ਤੇ ਫਸੇ ਹੋਏ ਹਨ। ਇਸ ਦੌਰਾਨ 11 ਸ਼ਰਧਾਲੂਆਂ ਦੀ ਮੌਤ ਵੀ ਹੋ ਗਈ ਹੈ। ਕੁਝ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ, ਜਦੋਂ ਕਿ ਬਾਕੀ ਲੋਕ ਆਪਣੇ ਅਜ਼ੀਜ਼ਾਂ ਦੀ ਭਾਲ ਵਿਚ ਥਾਂ-ਥਾਂ ਭਟਕ ਰਹੇ ਹਨ। ਯਾਤਰਾ ਦੌਰਾਨ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਵੀ ਹੋਏ ਹਨ। ਡੀ. ਸੀ. ਮੁਕੇਸ਼ ਰੇਪਸਵਾਲ ਨੇ 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ।

ਹੁਣ ਤੱਕ ਭਰਮੌਰ ਵਿਚ ਹਜ਼ਾਰਾਂ ਸ਼ਰਧਾਲੂਆਂ ਨੂੰ ਰੈਸਕਿਊ ਕੀਤਾ ਗਿਆ ਹੈ। ਦੂਜੇ ਪਾਸੇ, ਮਣੀਮਹੇਸ਼ ਯਾਤਰਾ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ, ਜੋ ਸ਼ਰਧਾਲੂ ਜਿਥੇ ਵੀ ਹੈ, ਉਥੋਂ ਹੀ ਉਸਨੂੰ ਵਾਪਸ ਭੇਜਿਆ ਜਾ ਰਿਹਾ ਹੈ। ਚੰਬਾ ਤੋਂ ਅੱਗੇ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪਵਿੱਤਰ ਛੜੀਆਂ ਨੂੰ ਵੀ ਮਣੀਮਹੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਮੀਂਹ ਕਾਰਨ ਕਈ ਥਾਵਾਂ ਤੋਂ ਸੜਕਾਂ ਬੰਦ ਹਨ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਹਜ਼ਾਰਾਂ ਸ਼ਰਧਾਲੂ ਅਜੇ ਵੀ ਮਣੀਮਹੇਸ਼ ਭਰਮੌਰ ਚੰਬਾ ਰੂਟ ’ਤੇ ਫਸੇ ਹੋਏ ਹਨ, ਜਦੋਂ ਕਿ ਲੋਕ ਕਈ ਕਿਲੋਮੀਟਰ ਪੈਦਲ ਯਾਤਰਾ ਕਰ ਕੇ ਚੰਬਾ ਪਹੁੰਚ ਰਹੇ ਹਨ।

ਇਸ ਦੌਰਾਨ, ਜ਼ਿਲਾ ਹੈੱਡਕੁਆਰਟਰ ਚੰਬਾ 3 ਦਿਨਾਂ ਤੱਕ ਬਾਕੀ ਦੁਨੀਆ ਤੋਂ ਕੱਟਿਆ ਰਿਹਾ। ਚੰਬਾ ਤੋਂ ਇਲਾਵਾ ਭਰਮੌਰ, ਸਲੂਨੀ ਅਤੇ ਚੁਰਾਹ ਸਮੇਤ ਜ਼ਿਲੇ ਦੇ ਜ਼ਿਆਦਾਤਰ ਖੇਤਰ ਸੰਪਰਕ ਤੋਂ ਬਾਹਰ ਰਹੇ। ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਬਿਜਲੀ ਅਤੇ ਪਾਣੀ ਦੀ ਸਪਲਾਈ ਤੇ ਦੂਰਸੰਚਾਰ ਸੇਵਾਵਾਂ ਠੱਪ ਰਹੀਆਂ। ਇਸ ਤੋਂ ਇਲਾਵਾ ਸੜਕ ਅਤੇ ਆਵਾਜਾਈ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹੀਆਂ।


author

Rakesh

Content Editor

Related News