25 ਸਾਲ ਮੁੱਖ ਮੰਤਰੀ ਰਹੇ ਮਾਣਿਕ ਸਰਕਾਰ ਕੋਲ ਨਹੀਂ ਹੈ ਖੁਦ ਦਾ ਘਰ
Thursday, Mar 08, 2018 - 12:57 PM (IST)

ਨੈਸ਼ਨਲ ਡੈਸਕ— 25 ਸਾਲਾਂ ਤੱਕ ਤ੍ਰਿਪੁਰਾ 'ਚ ਸਰਕਾਰ ਚਲਾਉਣ ਵਾਲੇ ਸਾਬਕਾ ਮੁੱਖ ਮੰਤਰੀ ਮਾਣਿਕ ਸਰਕਾਰ ਕੋਲ ਘਰ ਨਹੀਂ ਹੈ। ਰਾਜ ਦਾ ਮੁੱਖ ਮੰਤਰੀ ਘਰ ਖਾਲੀ ਕਰਨ ਤੋਂ ਬਾਅਦ ਉਨ੍ਹਾਂ ਕੋਲ ਖੁਦ ਦਾ ਘਰ ਨਹੀਂ ਹੈ, ਅਜਿਹੇ 'ਚ ਉਹ ਆਪਣੀ ਪਤਨੀ ਪਾਂਚਾਲੀ ਭੱਟਾਚਾਰਜੀ ਨਾਲ ਸੀ.ਪੀ.ਐੱਮ. ਦਫ਼ਤਰ ਦੇ ਉੱਪਰ ਸਥਿਤ 2 ਕਮਰਿਆਂ ਦੇ ਫਲੈਟ 'ਚ ਰਹਿਣਗੇ। ਮਾਣਿਕ ਸਰਕਾਰ ਨੇ ਵਿਧਾਇਕਾਂ ਦੇ ਹੋਸਟਲ 'ਚ ਰਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਮਾਣਿਕ ਨੇ ਆਪਣਾ ਜੱਦੀ ਘਰ ਆਪਣੀ ਭੈਣ ਨੂੰ ਦਾਨ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਪਤਨੀ ਕੇਂਦਰੀ ਕਰਮਚਾਰੀ ਹੈ। ਤ੍ਰਿਪੁਰਾ ਸੀ.ਪੀ.ਐੱਮ. ਦੇ ਜਨਰਲ ਸਕੱਤਰ ਨੇ ਦੱਸਿਆ ਕਿ ਪਾਰਟੀ ਦਫ਼ਤਰ 'ਚ ਘੱਟੋ-ਘੱਟ ਜ਼ਰੂਰਤਾਂ ਦੇ ਸਾਰੇ ਸਾਮਾਨ ਮੌਜੂਦ ਹਨ। ਉਨ੍ਹਾਂ ਨੇ ਦੱਸਿਆ ਕਿ ਮਾਣਿਕ ਪਹਿਲਾਂ ਵੀ ਪਾਰਟੀ ਦਫ਼ਤਰ 'ਚ ਰਹਿ ਚੁਕੇ ਹਨ। ਉਨ੍ਹਾਂ ਦੀ ਤਰ੍ਹਾਂ ਜ਼ਿਆਦਾਤਰ ਨੇਤਾ ਸਾਦਾ ਜੀਵਨ ਜਿਉਂਦੇ ਹਨ। ਤ੍ਰਿਪੁਰਾ ਦੇ ਕੁਝ ਸਾਬਕਾ ਮੰਤਰੀ ਵਿਧਾਇਕ ਘਰ 'ਚ ਸ਼ਿਫਟ ਹੋ ਗਏ ਹਨ। ਉੱਥੇ ਹੀ ਸੀ.ਪੀ.ਆਈ.ਐੱਮ. ਦੇ ਤਿੰਨ ਵਿਧਾਇਕ ਡੇ. ਨਰੇਸ਼ ਜਮਾਤੀਆ ਅਤੇ ਮਣੇਂਦਰ ਰਿਏਂਗ ਆਪਣੇ ਪਿੰਡਾਂ ਵੱਲ ਆ ਗਏ ਹਨ।
ਉੱਥੇ ਹੀ ਤ੍ਰਿਪੁਰਾ ਦੀ ਕਮਾਨ ਸੰਭਾਲਣ ਜਾ ਰਹੇ ਬਿਪਲਬ ਦੇਵ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਰੂਪ 'ਚ ਮਾਣਿਕ ਸਰਕਾਰ ਚੰਗਾ ਸਰਕਾਰੀ ਘਰ ਅਤੇ ਹੋਰ ਪ੍ਰੋਟੋਕਾਲ ਸਹੂਲਤਾਂ ਦੇ ਹੱਕਦਾਰ ਹਨ। ਸੂਬੇ 'ਚ ਵਿਰੋਧੀ ਧਿਰ ਦੇ ਨੇਤਾ ਨੂੰ ਵੀ ਕੈਬਨਿਟ ਮੰਤਰੀ ਦਾ ਦਰਜਾ ਪ੍ਰਾਪਤ ਹੋਵੇਗਾ ਅਤੇ ਉਹ ਭੱਤਿਆਂ ਦੇ ਹੱਕਦਾਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਤ੍ਰਿਪੁਰਾ ਦੇ ਨਿਰਮਾਣ ਲਈ ਮਾਣਿਕ ਸਰਕਾਰ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਬਤੌਰ ਮੁੱਖ ਮੰਤਰੀ ਮਾਣਿਕ ਸਰਕਾਰ ਦੀ ਸੰਪਤੀ ਦੇਸ਼ ਦੇ ਹੋਰ ਮੁੱਖ ਮੰਤਰੀਆਂ ਦੇ ਮੁਕਾਬਲੇ ਬੇਹੱਦ ਘੱਟ ਸੀ। ਉਹ ਆਪਣੀ ਤਨਖਾਹ ਦਾ ਜ਼ਿਆਦਾ ਹਿੱਸਾ ਪਾਰਟੀ ਨੂੰ ਦਾਨ ਕਰ ਦਿੰਦੇ ਹਨ ਅਤੇ ਉਹ ਸਰਕਾਰ ਵੱਲੋਂ ਮਿਲਣ ਵਾਲੀਆਂ ਜ਼ਿਆਦਾਤਰ ਸਹੂਲਤਾਂ ਵੀ ਨਹੀਂ ਲੈਂਦੇ ਸਨ।