ਹੁਣ ਅਹਿਮਦਾਬਾਦ ਸੈਸ਼ਨ ਕੋਰਟ ’ਚ ਇਕ ਵਿਅਕਤੀ ਨੇ ਜੱਜ ਵੱਲ ਸੁੱਟੀ ਜੁੱਤੀ
Wednesday, Oct 15, 2025 - 12:10 AM (IST)

ਅਹਿਮਦਾਬਾਦ, (ਭਾਸ਼ਾ)- ਅਹਿਮਦਾਬਾਦ ਸੈਸ਼ਨ ਕੋਰਟ ਵਿਚ ਮੰਗਲਵਾਰ ਨੂੰ ਫੈਸਲੇ ਤੋਂ ਨਾਰਾਜ਼ ਇਕ ਵਿਅਕਤੀ ਨੇ ਜੱਜ ਵੱਲ ਜੁੱਤੀ ਸੁੱਟੀ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਅਦਾਲਤ ਵਿਚ ਸੁਣਵਾਈ ਚਲ ਰਹੀ ਸੀ। ਇਕ ਪੁਲਸ ਮੁਲਾਜ਼ਮ ਨੇ ਇਹ ਜਾਣਕਾਰੀ ਦਿੱਤੀ। ਇਹ ਸਪੱਸ਼ਟ ਨਹੀਂ ਹੈ ਕਿ ਜੁੱਤੀ ਐਡੀਸ਼ਨਲ ਚੀਫ ਜਸਟਿਸ ਤੱਕ ਪਹੁੰਚੀ ਜਾਂ ਨਹੀਂ।
ਸ਼ਹਿਰ ਦੇ ਕਰੰਜ ਪੁਲਸ ਸਟੇਸ਼ਨ ਦੇ ਇੰਸਪੈਕਟਰ ਪੀ. ਐੱਚ. ਭਾਟੀ ਨੇ ਦੱਸਿਆ ਕਿ ਜੱਜ ਦੇ ਨਿਰਦੇਸ਼ਾਂ ’ਤੇ ਉਸ ਵਿਅਕਤੀ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਉਸ ਵਿਰੁੱਧ ਕੋਈ ਸਜ਼ਾਯੋਗ ਕਾਰਵਾਈ ਨਹੀਂ ਕੀਤੀ ਗਈ। ਉਕਤ ਵਿਅਕਤੀ ਇਕ ਮਾਮਲੇ ਵਿਚ ਅਪੀਲਕਰਤਾ ਸੀ। ਭਾਟੀ ਨੇ ਕਿਹਾ ਕਿ ਅਪੀਲ ਖਾਰਜ ਹੋਣ ਤੋਂ ਬਾਅਦ ਵਿਅਕਤੀ ਗੁੱਸੇ ਵਿਚ ਆ ਗਿਆ ਅਤੇ ਉਸਨੇ ਜੱਜ ਵੱਲ ਜੁੱਤੀ ਸੁੱਟੀ। ਹਾਲਾਂਕਿ, ਉਸਨੂੰ ਅਦਾਲਤ ਦੇ ਸਟਾਫ ਨੇ ਫੜ ਲਿਆ। ਹਾਲ ਹੀ ਵਿਚ ਸੁਪਰੀਮ ਕੋਰਟ ਵਿਚ ਚੀਫ਼ ਜਸਟਿਸ ਬੀ. ਆਰ. ਗਵਈ ’ਤੇ ਵੀ ਜੁੱਤੀ ਸੁੱਟੀ ਗਈ ਸੀ।