ਰਾਂਚੀ ''ਚ ਵੱਡੀ ਵਾਰਦਾਤ : ਜ਼ਮੀਨੀ ਵਿਵਾਦ ''ਚ ਵਿਅਕਤੀ ਦੀ ਹੱਤਿਆ, ਇਲਾਕੇ ''ਚ ਦਹਿਸ਼ਤ ਦਾ ਮਾਹੌਲ
Friday, Oct 30, 2026 - 01:09 PM (IST)
ਰਾਂਚੀ - ਝਾਰਖੰਡ ਦੇ ਰਾਂਚੀ ਜ਼ਿਲੇ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ 50 ਸਾਲਾ ਵਿਅਕਤੀ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਦੀ ਜਾਣਕਾਰੀ ਪੁਲਸ ਨੇ ਸ਼ੁੱਕਰਵਾਰ ਨੂੰ ਦਿੱਤੀ। ਪੁਲਸ ਦੇ ਅਨੁਸਾਰ, ਮੰਡਰੋ ਪੁਲਸ ਸਟੇਸ਼ਨ ਖੇਤਰ ਦੇ ਅਧੀਨ ਆਉਣ ਵਾਲੇ ਟੀਕੋ ਪਿੰਡ 'ਚ ਵੀਰਵਾਰ ਰਾਤ ਨੂੰ ਵਾਪਰੀ ਇਸ ਘਟਨਾ ਦੇ ਸਬੰਧ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਰਾਮੂ ਓਰਾਓਂ ਵਜੋਂ ਹੋਈ ਹੈ, ਜੋ ਕਿ ਸੇਵਾਡੀਹ ਪਿੰਡ ਦਾ ਰਹਿਣ ਵਾਲਾ ਹੈ।
ਖੇਲੜੀ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਰਾਮ ਨਾਰਾਇਣ ਚੌਧਰੀ ਨੇ ਕਿਹਾ, "ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਪੁਰਾਣੀ ਰੰਜਿਸ਼ ਕਾਰਨ ਓਰਾਓਂ ਦਾ ਕਤਲ ਕੀਤਾ ਗਿਆ ਸੀ। ਇਸ ਘਟਨਾ ਵਿੱਚ ਪੰਜ ਤੋਂ ਛੇ ਲੋਕ ਸ਼ਾਮਲ ਸਨ। ਅਸੀਂ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਅਤੇ ਦੂਜੇ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।'' ਉਨ੍ਹਾਂ ਕਿਹਾ ਕਿ ਓਰਾਓਂ ਇਕ ਦੁੱਧ ਵਾਲਾ ਸੀ ਅਤੇ ਆਮ ਵਾਂਗ ਦੁੱਧ ਪਹੁੰਚਾਉਣ ਲਈ ਡੇਅਰੀ ਜਾ ਰਿਹਾ ਸੀ ਜਦੋਂ ਉਸਨੂੰ ਗੋਲੀ ਮਾਰ ਦਿੱਤੀ ਗਈ। ਚੌਧਰੀ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਰਾਜਿੰਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਰਿਮਸ) ਭੇਜਿਆ ਜਾਵੇਗਾ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
