ਅਧਿਆਪਕ ਭਰਤੀ ਘੁਟਾਲਾ: ਭਾਜਪਾ ਨੇ ਕਿਹਾ- ਮਮਤਾ ਜਾਵੇਗੀ ਜੇਲ੍ਹ, ਦੇਣਾ ਪਵੇਗਾ ਅਸਤੀਫਾ

Saturday, Apr 05, 2025 - 04:55 AM (IST)

ਅਧਿਆਪਕ ਭਰਤੀ ਘੁਟਾਲਾ: ਭਾਜਪਾ ਨੇ ਕਿਹਾ- ਮਮਤਾ ਜਾਵੇਗੀ ਜੇਲ੍ਹ, ਦੇਣਾ ਪਵੇਗਾ ਅਸਤੀਫਾ

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਵੱਲੋਂ ਪੱਛਮੀ ਬੰਗਾਲ ਵਿਚ ਲੱਗਭਗ 26,000 ਅਧਿਆਪਕਾਂ ਅਤੇ ਗੈਰ-ਅਧਿਆਪਨ ਸਟਾਫ ਦੀ ਭਰਤੀ ਨੂੰ ਰੱਦ ਕਰਨ ਦੇ ਕਲਕੱਤਾ ਹਾਈ ਕੋਰਟ ਦੇ ਆਦੇਸ਼ ਨੂੰ ਬਰਕਰਾਰ ਰੱਖਣ ਦੇ ਫੈਸਲੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ੁੱਕਰਵਾਰ ਨੂੰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ।

ਕੇਂਦਰੀ ਮੰਤਰੀ ਅਤੇ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਦਾਅਵਾ ਕੀਤਾ ਕਿ ਬੈਨਰਜੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤੋਂ ਬਾਅਦ ਅਧਿਆਪਕਾਂ ਦੀ ਭਰਤੀ ਮਾਮਲੇ ਵਿਚ ਜੇਲ ਜਾਣ ਵਾਲੀ ਦੂਜੀ ਮੁੱਖ ਮੰਤਰੀ ਹੋਵੇਗੀ। ਪਾਰਟੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਮਮਤਾ ਬੈਨਰਜੀ ਨੂੰ ਹੁਣ ਸੱਤਾ ਵਿਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਜੇ ਉਨ੍ਹਾਂ ਵਿਚ ਥੋੜ੍ਹਾ ਜਿਹਾ ਵੀ ਜ਼ਿੰਮੇਵਾਰੀ ਦਾ ਅਹਿਸਾਸ ਬਚਿਆ ਹੈ, ਤਾਂ ਉਨ੍ਹਾਂ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ... ਉਹ ਯਕੀਨੀ ਤੌਰ ’ਤੇ ਜੇਲ ਜਾਵੇਗੀ।

ਮਜੂਮਦਾਰ ਨੇ ਕਿਹਾ ਕਿ ਲੱਗਭਗ 26,000 ਭਰਤੀਆਂ ਵਿਚੋਂ ਤਕਰੀਬਨ 20,000 ਦੀ ਚੋਣ ਅਸਲ ਵਿਚ ਕੀਤੀ ਗਈ, ਜਦੋਂ ਕਿ ਬਾਕੀਆਂ ਨੂੰ ਸੂਬੇ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਵੱਲੋਂ ਕਥਿਤ ਤੌਰ ’ਤੇ ਰਚੇ ਗਏ ਘਪਲੇ ਤੋਂ ਲਾਭ ਮਿਲਿਆ।
 


author

Inder Prajapati

Content Editor

Related News