DRI ਦੀ ਵੱਡੀ ਕਾਰਵਾਈ! ਚੀਨ ਤੋਂ ਆਏ 11 ਹਜ਼ਾਰ ਪਾਬੰਦੀਸ਼ੁਦਾ ਵਾਕੀ-ਟਾਕੀ ਜ਼ਬਤ, 2 ਗ੍ਰਿਫ਼ਤਾਰ
Sunday, Mar 22, 2026 - 12:17 AM (IST)
ਮੁੰਬਈ: ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (DRI) ਨੇ ਮੁੰਬਈ ਪੋਰਟ 'ਤੇ ਇੱਕ ਵੱਡੇ ਆਪ੍ਰੇਸ਼ਨ ਦੌਰਾਨ ਚੀਨ ਤੋਂ ਗੈਰ-ਕਾਨੂੰਨੀ ਢੰਗ ਨਾਲ ਲਿਆਂਦੇ ਗਏ ਕਰੋੜਾਂ ਰੁਪਏ ਦੇ ਪਾਬੰਦੀਸ਼ੁਦਾ ਇਲੈਕਟ੍ਰਾਨਿਕ ਸਾਮਾਨ ਦੀ ਖੇਪ ਫੜੀ ਹੈ। ਇਸ ਕਾਰਵਾਈ ਵਿੱਚ 9.25 ਕਰੋੜ ਰੁਪਏ ਦਾ ਪਾਬੰਦੀਸ਼ੁਦਾ ਸਾਮਾਨ ਅਤੇ ਲਗਭਗ 21 ਕਰੋੜ ਰੁਪਏ ਦਾ ਕਵਰ ਕਾਰਗੋ ਜ਼ਬਤ ਕੀਤਾ ਗਿਆ ਹੈ। ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ
ਡੀ.ਆਰ.ਆਈ. ਅਧਿਕਾਰੀਆਂ ਨੇ 11,060 ਵਾਕੀ-ਟਾਕੀ ਸੈੱਟ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੀਮਤ 2.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਉਪਕਰਨ ਭਾਰਤ ਸਰਕਾਰ ਵੱਲੋਂ ਬਲੈਕਲਿਸਟ ਕੀਤੇ ਗਏ ਹਨ ਕਿਉਂਕਿ ਇਹ 400–480 ਮੈਗਾਹਰਟਜ਼ ਦੀ ਫ੍ਰੀਕੁਐਂਸੀ 'ਤੇ ਕੰਮ ਕਰਦੇ ਹਨ। ਨਿਯਮਾਂ ਮੁਤਾਬਕ, ਬਿਨਾਂ ਲਾਇਸੈਂਸ ਸਿਰਫ 446.0-446.2 ਮੈਗਾਹਰਟਜ਼ ਬੈਂਡ ਦੀ ਹੀ ਇਜਾਜ਼ਤ ਹੈ। ਇਨ੍ਹਾਂ ਰਾਹੀਂ ਅਣਅਧਿਕਾਰਤ ਸੰਚਾਰ ਸੰਭਵ ਹੈ, ਜੋ ਦੇਸ਼ ਦੀ ਸੁਰੱਖਿਆ ਲਈ ਗੰਭੀਰ ਖਤਰਾ ਬਣ ਸਕਦਾ ਹੈ।
ਈ-ਵੇਸਟ ਦੇ ਨਾਂ 'ਤੇ ਹਾਰਡ ਡਿਸਕਾਂ ਦਾ ਖੇਡ
ਛਾਪੇਮਾਰੀ ਦੌਰਾਨ 52,480 ਸੈਕਿੰਡ ਹੈਂਡ ਹਾਰਡ ਡਿਸਕ ਡਰਾਈਵਾਂ (HDD) ਵੀ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ 7 ਕਰੋੜ ਰੁਪਏ ਹੈ। ਇਹ ਈ-ਵੇਸਟ ਦੀ ਸ਼੍ਰੇਣੀ 'ਚ ਆਉਂਦੀਆਂ ਹਨ ਅਤੇ ਇਨ੍ਹਾਂ ਦਾ ਆਯਾਤ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ। ਇਨ੍ਹਾਂ ਨੂੰ ਮੰਗਵਾਉਣ ਲਈ ਡਾਇਰੈਕਟੋਰੇਟ ਜਨਰਲ ਆਫ ਫੋਰਨ ਟ੍ਰੇਡ (DGFT) ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ।
ਗਲਤ ਜਾਣਕਾਰੀ ਦੇ ਕੇ ਮੰਗਵਾਈ ਗਈ ਖੇਪ
ਜਾਂਚ 'ਚ ਸਾਹਮਣੇ ਆਇਆ ਕਿ 8 ਕੰਟੇਨਰਾਂ 'ਚ ਇਸ ਸਾਮਾਨ ਨੂੰ ‘ਮਿਸਡਿਕਲੇਰੇਸ਼ਨ’ (ਗਲਤ ਜਾਣਕਾਰੀ) ਰਾਹੀਂ ਮੰਗਵਾਇਆ ਗਿਆ ਸੀ। ਇਨ੍ਹਾਂ ਨੂੰ ‘ਮਿਸ਼ਰਿਤ ਇਲੈਕਟ੍ਰਾਨਿਕ ਸਾਮਾਨ’ ਦੱਸ ਕੇ ਲਿਆਂਦਾ ਗਿਆ ਸੀ, ਜਦਕਿ ਅਸਲ ਕੀਮਤ ਲਗਭਗ 30 ਕਰੋੜ ਰੁਪਏ ਸੀ।
ਪਿਓ-ਪੁੱਤ ਚਲਾ ਰਹੇ ਸਨ ਰੈਕੇਟ
ਇਹ ਗੈਰ-ਕਾਨੂੰਨੀ ਕਾਰੋਬਾਰ ਮੁੰਬਈ ਦੇ ਲੈਮਿੰਗਟਨ ਰੋਡ ਸਥਿਤ ਦੋ ਫਰਮਾਂ ਰਾਹੀਂ ਚਲਾਇਆ ਜਾ ਰਿਹਾ ਸੀ। ਇਹ ਫਰਮਾਂ ਬੇਟੇ ਦੇ ਨਾਂ 'ਤੇ ਸਨ, ਜਦਕਿ ਪੂਰਾ ਨੈੱਟਵਰਕ ਪਿਤਾ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਸੀ। ਡੀ.ਆਰ.ਆਈ. ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਦੇਸ਼ ਦੀ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
