ਪੰਜਾਬ ਸਭ ਤੋਂ ਹੇਠਾਂ ਪਰ ਮਹਾਰਾਸ਼ਟਰ ਮੈਫੇਡਰੋਨ ਦੀ ਸਮੱਗਲਿੰਗ ਦਾ ਕੇਂਦਰ
Wednesday, Apr 02, 2025 - 12:33 AM (IST)

ਨੈਸ਼ਨਲ ਡੈਸਕ- ਪਿਛਲੇ 3 ਸਾਲਾਂ ’ਚ ਪੂਰੇ ਦੇਸ਼ ’ਚ ਮੈਫੇਡਰੋਨ ਸਮੱਗਲਿੰਗ ਦੇ ਸਾਹਮਣੇ ਆਏ ਮਾਮਲਿਆਂ ’ਚੋਂ 72.96 ਫੀਸਦੀ ਮਾਮਲੇ ਇੱਕਲੇ ਮਹਾਰਾਸ਼ਟਰ ਨਾਲ ਸਬੰਧਤ ਰਹੇ, ਜਿਸ ਕਾਰਨ ਉਹ ਭਾਰਤ ’ਚ ਮੈਫੇਡਰੋਨ ਦੀ ਸਮੱਗਲਿੰਗ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਤੋਂ ਸਿੰਥੈਟਿਕ ਡਰੱਗਜ਼ ਨਾਲ ਸਬੰਧਤ ਅਪਰਾਧਾਂ ’ਚ ਚਿੰਤਾਜਨਕ ਵਾਧੇ ਦਾ ਪਤਾ ਲੱਗਦਾ ਹੈ।
ਮਹਾਰਾਸ਼ਟਰ ’ਚ ਪਿਛਲੇ 3 ਸਾਲਾਂ ’ਚ ਮੈਫੇਡਰੋਨ ਦੇ 1486 ਮਾਮਲੇ ਦਰਜ ਕੀਤੇ ਗਏ। 2022 ’ਚ 290, ਸਾਲ 2023 ’ਚ 647 ਤੇ 2024 ’ਚ 549 ਮਾਮਲੇ ਦਰਜ ਹੋਏ। ਇਸ ਸਮੇ ਦੌਰਾਨ 2250 ਗ੍ਰਿਫਤਾਰੀਆਂ ਹੋਈਆਂ।
ਡਰੱਗਜ਼ ਮਾਮਲਿਆਂ ਨਾਲ ਸਬੰਧਤ ਕਾਨੂੰਨ ਲਾਗੂ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਨੇ ਪੂਰੇ ਦੇਸ਼ ’ਚ ਮੈਫੇਡਰੋਨ ਦੇ ਕੁੱਲ 1902 ਮਾਮਲਿਆਂ ਦੀ ਰਿਪੋਰਟ ਕੀਤੀ ਹੈ, ਜਿਸ ਦੇ ਨਤੀਜੇ ਵਜੋਂ 2022-2024 ਦੌਰਾਨ 3012 ਗ੍ਰਿਫਤਾਰੀਆਂ ਹੋਈਆਂ। ਇਸ ਨਾਲ ਡਰੱਗਜ਼ ਦੀ ਸਮੱਗਲਿੰਗ ਦੇ ਪਿੱਛੇ ਦੇ ਵਿਆਪਕ ਨੈੱਟਵਰਕ ’ਤੇ ਚਾਨਣਾ ਪੈਂਦਾ ਹੈ।
ਜਿੱਥੇ ਮੈਫੇਡਰੋਨ ਸਮੱਗਲਿੰਗ ’ਚ ਮਹਾਰਾਸ਼ਟਰ ਦਾ ਦਬਦਬਾ ਹੈ, ਉਥੇ ਹੀ ਭੰਗ ਦੇ ਮਾਮਲਿਆਂ ’ਚ ਇਸ ਦੀ ਹਿੱਸੇਦਾਰੀ ਮਾਮੂਲੀ ਹੈ। ਇਸ ਮਾਮਲੇ ’ਚ ਕੇਰਲ 81,247 ਮਾਮਲਿਆਂ ਤੇ 86,623 ਗ੍ਰਿਫਤਾਰੀਆਂ ਅਤੇ ਉੱਤਰ ਪ੍ਰਦੇਸ਼ 16,342 ਮਾਮਲਿਆਂ ਤੇ 18,904 ਗ੍ਰਿਫਤਾਰੀਆਂ ਨਾਲ ਕਾਫ਼ੀ ਅੱਗੇ ਹਨ। ਇਹ ਵੱਖ-ਵੱਖ ਖੇਤਰੀ ਚੁਣੌਤੀਆਂ ਨੂੰ ਦਰਸਾਉਂਦਾ ਹੈ।
ਉਕਤ ਦੇ ਮੁਕਾਬਲੇ ਪੰਜਾਬ ’ਚ ਘੱਟ ਅੰਕੜੇ ਦਰਜ ਕੀਤੇ ਗਏ। ਇੱਥੇ 3 ਸਾਲਾਂ ’ਚ ਭੰਗ ਨਾਲ ਸਬੰਧਤ ਕੁੱਲ 1060 ਮਾਮਲੇ ਦਰਜ ਹੋਏ ਤੇ 1370 ਗ੍ਰਿਫਤਾਰੀਆਂ ਹੋਈਆਂ। ਇਹ ਸੂਬੇ ’ਚ ਭੰਗ ਦੀ ਸਮੱਗਲਿੰਗ ਅਤੇ ਵਰਤੋਂ ਵਿਰੁੱਧ ਲਗਾਤਾਰ ਕਾਰਵਾਈ ਦਾ ਸੰਕੇਤ ਹੈ।
ਗੁਜਰਾਤ ਤੇ ਰਾਜਸਥਾਨ : ਮੈਫੇਡਰੋਨ ਦੇ ਨਵੇਂ ਹਾਟਸਪਾਟ
ਮਹਾਰਾਸ਼ਟਰ ਤੋਂ ਬਾਅਦ ਗੁਜਰਾਤ ਦੂਜਾ ਹਾਟ ਸਪਾਟ ਹੈ, ਜਿੱਥੇ ਮੈਫੇਡਰੋਨ ਦੇ ਕੁੱਲ 272 ਮਾਮਲੇ ਦਰਜ ਕੀਤੇ ਗਏ । 2022 ’ਚ 69, ਸਾਲ 2023 ’ਚ 91 ਤੇ 2024 ’ਚ 112 ਮਾਮਲੇ ਦਰਜ ਹੋਏ। ਕੁੱਲ 507 ਗ੍ਰਿਫਤਾਰੀਆਂ ਹੋਈਆਂ। ਰਾਜਸਥਾਨ ਵੀ ਮੈਫੇਡਰੋਨ ਸਮੱਗਲਿੰਗ ਤੋਂ ਪ੍ਰਭਾਵਿਤ ਸੂਬਿਆਂ ’ਚ ਸ਼ਾਮਲ ਹੈ। ਇੱਥੇ 75 ਮਾਮਲੇ ਦਰਜ ਕੀਤੇ ਗਏ । 2023 ’ਚ 1 ਤੇ 2024 ’ਚ 74 ਮਾਮਲੇ ਦਰਜ ਹੋਏ। 98 ਗ੍ਰਿਫਤਾਰੀਆਂ ਕੀਤੀਆਂ ਗਈਆਂ। ਰਾਜਸਥਾਨ ’ਚ ਇਹ ਗਿਣਤੀ ਤੁਲਣਾ ’ਚ ਘੱਟ ਹੈ, ਫਿਰ ਵੀ ਇਹ ਉੱਭਰਦੇ ਮਾਰਗਾਂ ਤੇ ਨੈੱਟਵਰਕਾਂ ਵੱਲ ਸੰਕੇਤ ਕਰਦੀ ਹੈ, ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।