ਨੰਦੇੜ ਗੁਰਦੁਆਰਾ ਹਿੰਸਾ: ਪੁਲਸ ’ਤੇ ਹਮਲਾ ਕਰਨ ਦੇ ਦੋਸ਼ ’ਚ 17 ਲੋਕ ਹਿਰਾਸਤ ’ਚ

Tuesday, Mar 30, 2021 - 01:10 PM (IST)

ਨੰਦੇੜ ਗੁਰਦੁਆਰਾ ਹਿੰਸਾ: ਪੁਲਸ ’ਤੇ ਹਮਲਾ ਕਰਨ ਦੇ ਦੋਸ਼ ’ਚ 17 ਲੋਕ ਹਿਰਾਸਤ ’ਚ

ਮੁੰਬਈ– ਮਹਾਰਾਸ਼ਟਰ ਦੇ ਨੰਦੇੜ ਜਿਲ੍ਹੇ ’ਚ ਹੋਲਾ ਮੁਹੱਲਾ ਮੌਕੇ ਤਾਲਾਬੰਦੀ ਦੀਆਂ ਧੱਜੀਆਂ ਉੱਡ ਗਈਆਂ। ਇਥੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਸੋਮਵਾਰ ਨੂੰ ਗੁਰਦੁਆਰੇ ਦੇ ਬਾਹਰ ਲੱਗੀ ਬੈਰੀਕੇਡਿੰਗ ਤੋੜ ਕੇ ਸੜਕ ’ਤੇ ਆ ਗਏ। ਇਸ ਦੌਰਾਨ ਗੇਟ ਨੇੜੇ ਤਾਇਨਾਤ 4 ਪੁਲਸ ਵਾਲੇ ਜ਼ਖਮੀ ਹੋ ਗਏ। ਦੱਸ ਦੇਈਏ ਕਿ ਕੋਰੋਨਾ ਦੀਆਂ ਪਾਬੰਦੀਆਂ ਕਾਰਨ ਪ੍ਰਸ਼ਾਸਨ ਨੇ ਹੋਲਾ ਮੁਹੱਲਾ ਮਨਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ ਪਰ ਇਸ ਦੇ ਬਾਵਜੂਦ ਲੋਕ ਸੜਕਾਂ ’ਤੇ ਉਤਰ ਆਏ। ਨੰਦੇੜ ਪੁਲਸ ਨੇ ਦੱਸਿਆ ਕਿ ਗੁਰਦੁਆਰੇ ਦੇ ਬਾਹਰ ਪੁਲਸ ਵਾਲਿਆਂ ਨਾਲ ਕੁੱਟਮਾਰ ਅਤੇ ਭੰਨ-ਤੋੜ ਦੇ ਮਾਮਲੇ ’ਚ 17 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਨਾਲ ਹੀ ਕਈ ਅਣਪਛਾਤੇ ਲੋਕਾਂ ਖ਼ਿਲਾਫ਼ ਦੰਗਾ ਕਰਨ ਅਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। 

ਐੱਸ.ਪੀ. ਵਿਨੋਦ ਸ਼ਿਵਾੜੇ ਨੇ ਦੱਸਿਆ ਕਿ ਨੰਦੇੜ ਜਿਲ੍ਹੇ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪ੍ਰਸ਼ਾਸਨ ਨੇ ਲੋਕਾਂ ਦੇ ਇਕ ਥਾਂ ’ਤੇ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਸਿੱਖ ਭਾਈਚਾਰੇ ਦੇ ਲੋਕ ਹੋਲਾ ਬੋਲ ਮੋਰਚਾ ਕੱਢਣਾ ਚਾਹੁੰਦੇ ਸਨ। ਹਾਲਾਂਕਿ, ਗੁਰਦੁਆਰਾ ਦੇ ਅੰਦਰ ਦੀ ਪ੍ਰੋਗਰਾਮ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਅਜਿਹਾ ਨਹੀਂ ਹੋਇਆ। ਕਮੇਟੀ ਨੇ ਕਿਹਾ ਸੀ ਕਿ ਉਹ ਇਸ ਦਾ ਆਯੋਜਨ ਗੁਰਦੁਆਰਾ ਕੰਪਲੈਕਸ ਦੇ ਅੰਦਰ ਖੁਦ ਕਰ ਲੈਣਗੇ ਪਰ 4 ਵਜੇ ਦੇ ਕਰੀਬ ਗੇਟ ਦੇ ਕੋਲ ਨਿਸ਼ਾਨ ਸਾਹਿਬ ਲਿਆਇਆ ਗਿਆ। ਉਹ ਪੁਲਸ ਵਾਲਿਆਂ ਨਾਲ ਬਹਿਸ ਕਰਨ ਲੱਗੇ। ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਗੁਰਦੁਆਰੇ ਦੇ ਬਾਹਰ ਲੱਗੀ ਬੈਰੀਕੇਡਿੰਗ ਤੋੜ ਦਿੱਤੀ। ਜਦੋਂ ਪੁਲਸ ਨੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ’ਤੇ ਵੀ ਹਮਲਾ ਕਰ ਦਿੱਤਾ ਗਿਆ ਜਿਸ ਵਿਚ ਚਾਰ ਪੁਲਸ ਵਾਲੇ ਜ਼ਖਮੀ ਹੋ ਗਏ।  

ਦੱਸਿਆ ਜਾ ਰਿਹਾ ਹੈ ਕਿ ਚਾਰ ’ਚੋਂ ਇਕ ਕਾਂਸਟੇਬਲ ਦੀ ਹਾਲਤ ਗੰਭੀਰ ਹੈ ਅਤੇ ਪੁਲਸ ਦੀਆਂ 6 ਗੱਡੀਆਂ ਨੂੰ ਵੀ ਭੀੜ ਨੇ ਨੁਕਸਾਨ ਪਹੁੰਚਾਇਆ ਹੈ। ਪੁਲਸ ਕੋਰੋਨਾ ਪਾਬੰਦੀਆਂ ਨੂੰ ਤੋੜਨ, ਪੁਲਸ ਵਾਲਿਾਂ ’ਤੇ ਹਮਲਾ ਕਰਨ ਦੇ ਦੋਸ਼ ’ਚ ਕਰੀਬ 200 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਜਾ ਰਹੀ ਹੈ। 


author

Rakesh

Content Editor

Related News