ਮਹਾਕੁੰਭ ''ਚ ਕਿਵੇਂ ਮਚੀ ਭਾਜੜ? ਚਸ਼ਮਦੀਦਾਂ ਨੇ ਸੁਣਾਇਆ ਅੱਖੀਂ ਵੇਖਿਆ ਹਾਲ
Wednesday, Jan 29, 2025 - 11:10 AM (IST)
ਪ੍ਰਯਾਗਰਾਜ- ਮਹਾਕੁੰਭ ਦੌਰਾਨ ਮੌਨੀ ਮੱਸਿਆ ਇਸ਼ਨਾਨ ਲਈ ਭਾਰੀ ਭੀੜ ਹੋਣ ਕਾਰਨ ਭਾਜੜ ਮਚ ਗਈ। ਜਿਸ 'ਚ ਦਰਜਨਾਂ ਲੋਕ ਜ਼ਖਮੀ ਹੋ ਗਏ ਅਤੇ ਕਈਆਂ ਦੇ ਮੌਤ ਦੀ ਖ਼ਬਰ ਹੈ। ਇਹ ਹਾਦਸਾ ਰਾਤ 2 ਵਜੇ ਦੇ ਕਰੀਬ ਵਾਪਰਿਆ। ਜਦੋਂ ਅਚਾਨਕ ਮੌਨੀ ਮੱਸਿਆ 'ਤੇ ਇਸ਼ਨਾਨ ਲਈ ਸੰਗਮ ਵਿਖੇ ਭੀੜ ਵਧਣ ਲੱਗੀ। ਵੱਧਦੀ ਭੀੜ ਦੇ ਦਬਾਅ ਕਾਰਨ ਮੇਲੇ 'ਚ ਭਾਜੜ ਮਚ ਗਈ।
ਚਸ਼ਮਦੀਦਾਂ ਨੇ ਸੁਣਾਇਆ ਅੱਖੀਂ ਵੇਖਿਆ ਹਾਲ
ਚਸ਼ਮਦੀਦ ਗਵਾਹਾਂ ਦੇ ਬਿਆਨ ਮੁਤਾਬਕ ਰਾਤ 2 ਵਜੇ ਦੇ ਕਰੀਬ ਸੰਗਮ ਦੇ ਆਲੇ-ਦੁਆਲੇ ਅਚਾਨਕ ਭੀੜ ਵੱਧ ਗਈ। ਭਾਵੇਂ ਮਹਾਕੁੰਭ 'ਚ ਇਸ਼ਨਾਨ ਲਈ 45 ਘਾਟ ਬਣਾਏ ਗਏ ਹਨ ਪਰ ਲੋਕ ਮੁੱਖ ਸੰਗਮ 'ਚ ਹੀ ਇਸ਼ਨਾਨ ਕਰਨ 'ਤੇ ਜ਼ੋਰ ਦੇਣ ਲੱਗ ਪਏ। ਜਿਸ ਕਾਰਨ ਭੀੜ ਇੱਕ ਦੂਜੇ ਨੂੰ ਧੱਕਦੀ ਹੋਈ ਅੱਗੇ ਵਧਣ ਲੱਗੀ, ਜਿਸ ਕਾਰਨ ਭਾਜੜ ਮਚ ਗਈ। ਭਾਜੜ ਦੌਰਾਨ ਚਾਰੇ ਪਾਸੇ ਚੀਕਾਂ ਸੁਣ ਰਹੀਆਂ ਸਨ। ਇਸ ਭਾਜੜ 'ਚ 20 ਤੋਂ 25 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਮਹਾਕੁੰਭ ਦੇ ਕੇਂਦਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਹਾਕੁੰਭ ਵਿਚ ਮੌਨੀ ਮੱਸਿਆ ਨੂੰ ਇਸ਼ਨਾਨ ਕਰਨਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਕਾਰਨ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਪ੍ਰਯਾਗਰਾਜ ਪਹੁੰਚ ਰਹੇ ਸਨ।
ਬੇਕਾਬੂ ਭੀੜ ਕਾਰਨ ਟੁੱਟੇ ਬੈਰੀਕੇਡ
ਜਿਸ ਕਾਰਨ ਭੀੜ ਨੂੰ ਕਾਬੂ ਕਰਨ ਲਈ ਲਗਾਏ ਗਏ ਬੈਰੀਕੇਡ ਟੁੱਟਣ ਲੱਗੇ। ਜਲਦੀ ਹੀ ਕੁਝ ਔਰਤਾਂ ਦਾ ਸਾਹ ਘੁੱਟਣ ਲੱਗ ਪਿਆ ਅਤੇ ਉਹ ਡਿੱਗਣ ਲੱਗ ਪਈਆਂ। ਜਿਸ ਕਾਰਨ ਭਗਦੜ ਹੋਰ ਵੱਧ ਗਈ ਅਤੇ ਚੀਕ-ਚਿਹਾੜਾ ਪੈਣ ਲੱਗ ਪਿਆ। ਉਹ ਦ੍ਰਿਸ਼ ਬਹੁਤ ਡਰਾਉਣਾ ਸੀ। ਬਾਅਦ ਵਿੱਚ ਕਿਸੇ ਤਰ੍ਹਾਂ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਜਿਸਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਜ਼ਖਮੀਆਂ ਨੂੰ ਦਰਜਨਾਂ ਐਂਬੂਲੈਂਸਾਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ।