ਮਹਾਕੁੰਭ ''ਚ AI ਦੀ ਮਦਦ ਨਾਲ ਮਿੰਟਾਂ ’ਚ ਮਿਲ ਰਹੇ ‘ਵਿਛੜੇ’
Tuesday, Jan 21, 2025 - 10:42 AM (IST)
ਪ੍ਰਯਾਗਰਾਜ (ਨਰੇਸ਼ ਕੁਮਾਰ)- ਹਿੰਦੀ ਫਿਲਮਾਂ ’ਚ ਕੁੰਭ ਦਾ ਮੇਲਾ ਆਪਣੇ ਗੁਆਚਿਆਂ ਦਾ ਪ੍ਰਤੀਕ ਰਿਹਾ ਹੈ ਪਰ ਪ੍ਰਯਾਗਰਾਜ ਦੇ ਮਹਾਕੁੰਭ ਮੇਲੇ ’ਚ ਵਿਛੜਣ ਵਾਲੇ ਕੁਝ ਘੰਟਿਆਂ ’ਚ ਹੀ ਮੁੜ ਮਿਲ ਰਹੇ ਹਨ। ਇਸ ਲਈ ਪੁਲਸ ਦਾ ਵਿਭਾਗ ਵੱਡੇ ਪੱਧਰ ’ਤੇ ‘ਏ.ਆਈ.’ ਦੀ ਵਰਤੋਂ ਕਰ ਰਿਹਾ ਹੈ। ਮੇਲੇ ਦੀ ਸੁਰੱਖਿਆ ਲਈ ਬਣਾਏ ਗਏ 4 ਇੰਟੀਗ੍ਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰਾਂ ਦੇ ਇੰਚਾਰਜ ਆਈ. ਪੀ. ਐੱਸ. ਅਧਿਕਾਰੀ ਅਮਿਤ ਕੁਮਾਰ ਨੇ ਕਿਹਾ ਕਿ ਮੇਲਾ ਖੇਤਰ ’ਚ ਪੁਲਸ ਵੱਲੋਂ ਗੁਆਚਿਆਂ ਲਈ ਸੈਂਟਰ ਸਥਾਪਤ ਕੀਤੇ ਗਏ ਹਨ। ਇਹ ਸੈਂਟਰ ਏ. ਆਈ. ਚੈਟ ਬੋਟ ਸਹੂਲਤ ਨਾਲ ਬਣਾਏ ਗਏ ਹਨ। ਜੇਕਰ ਕਿਸੇ ਨੂੰ ਹਿੰਦੀ ਜਾਂ ਅੰਗਰੇਜ਼ੀ ਬੋਲਣ ਤੇ ਸਮਝਣ ’ਚ ਮੁਸ਼ਕਲ ਆਉਂਦੀ ਹੈ ਤਾਂ ਉਹ ਆਪਣੀ ਸਮੱਸਿਆ ਇਨ੍ਹਾਂ ਚੈਟ ਬੋਟਾਂ ਨੂੰ ਆਪਣੀ ਭਾਸ਼ਾ ’ਚ ਦੱਸਦਾ ਹੈ ਅਤੇ ਇਹ ਚੈਟ ਬੋਟ ਡਾਟਾ ਨੂੰ ਹਿੰਦੀ ਜਾਂ ਅੰਗਰੇਜ਼ੀ ’ਚ ਅਨੁਵਾਦ ਕਰਦੇ ਹਨ। ਇਸ ਤੋਂ ਬਾਅਦ ਸੈਂਟਰ ’ਚ ਤਾਇਨਾਤ ਅਧਿਕਾਰੀ ਨੂੰ ਪੂਰੇ ਮਾਮਲੇ ਬਾਰੇ ਸੂਚਿਤ ਕਰਦੇ ਹਨ।
ਸੈਂਟਰ ’ਤੇ ਗੁਆਚੇ ਵਿਅਕਤੀ ਦਾ ਆਖਰੀ ਸਥਾਨ ਪੁੱਛਿਆ ਜਾਂਦਾ ਹੈ ਅਤੇ ਉਸ ਸਥਾਨ ’ਤੇ ਏ. ਆਈ. ਕੈਮਰਿਆਂ ਨਾਲ ਗੁਆਚੇ ਹੋਏ ਵਿਅਕਤੀ ਦੀ ਫੋਟੋ ਕੱਢ ਕੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨੂੰ ਭੇਜੀ ਜਾਂਦੀ ਹੈ। ਇਨ੍ਹਾਂ ਕੇਂਦਰਾਂ ’ਤੇ ਪੋਸਟ ਕੀਤੀ ਗਈ ਫੋਟੋ ਨਾਲ ਮਿਲਦੇ-ਜੁਲਦੇ ਚਿਹਰੇ ਵਾਲੇ ਵਿਅਕਤੀਆਂ ਨੂੰ ਸਥਾਨ ਦੇ ਆਲੇ-ਦੁਆਲੇ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ । ਇਹ ਕੈਮਰਿਆਂ ’ਚ ਕੈਦ ਹੋਏ ਲੋਕਾਂ ਦੇ ਚਿਹਰਿਆਂ ਨਾਲ ਮੇਲ ਕਰਾਉਂਦਾ ਹੈ। ਇਸ ਤਰ੍ਹਾਂ ਹੁਣ ਤੱਕ ਬਹੁਤ ਸਾਰੇ ਲੋਕ ਲੱਭੇ ਜਾ ਚੁੱਕੇ ਹਨ। ਮੇਲੇ ’ਚ ਗੁੰਮ ਹੋਏ ਦੋ ਬੱਚਿਆਂ ਨੂੰ ਲੱਭਣ ’ਚ ਹੁਣ ਤੱਕ ਵੱਧ ਤੋਂ ਵੱਧ 9 ਘੰਟੇ ਲੱਗੇ, ਜਦ ਕਿ ਹੋਰ ਮਾਮਲਿਆਂ ’ਚ ਪੁਲਸ ਨੇ ਗੁੰਮ ਹੋਏ ਵਿਅਕਤੀਆਂ ਨੂੰ ਇਕ ਜਾਂ ਦੋ ਘੰਟਿਆਂ ਅੰਦਰ ਲੱਭ ਲਿਆ।
ਪ੍ਰਯਾਗਰਾਜ ’ਚ ਚੱਲ ਰਹੇ ਕੁੰਭ ਮੇਲੇ ਦੌਰਾਨ 4000 ਹੈਕਟੇਅਰ ’ਚ ਬਣੇ ਅਸਥਾਈ ਸ਼ਹਿਰ ਦੇ ਹਰ ਇੰਚ ਦੀ ਨਿਗਰਾਨੀ ਕਰਨ ਲਈ ਏ. ਆਈ. ਨਾਲ ਲੈਸ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਮੇਲੇ ਦੌਰਾਨ ਸੁਰੱਖਿਆ ਬਣਾਈ ਰੱਖਣ ਲਈ ਇਸ ਨੂੰ 10 ਜ਼ੋਨਾਂ ਅਤੇ 25 ਸੈਕਟਰਾਂ ’ਚ ਵੰਡਿਆ ਗਿਆ ਹੈ। ਮੇਲਾ ਖੇਤਰ ’ਚ ਕੁੱਲ 56 ਪੁਲਸ ਸਟੇਸ਼ਨ ਅਤੇ 155 ਪੁਲਸ ਚੌਕੀਆਂ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ 3 ਜਲ ਪੁਲਸ ਸਟੇਸ਼ਨ ਅਤੇ 1 ਜਲ ਪੁਲਸ ਕੰਟਰੋਲ ਰੂਮ ਬਣਾਇਆ ਗਿਆ ਹੈ। ਜਲ ਪੁਲਸ ਕਿਸ਼ਤੀਆਂ ਰਾਹੀਂ ਪਾਣੀ ’ਚ ਨਿਰੰਤਰ ਸਰਗਰਮ ਰਹਿੰਦੀ ਹੈ। ਮੇਲੇ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਉੱਤਰ ਪ੍ਰਦੇਸ਼ ਦੇ ਹਰ ਜ਼ਿਲੇ ਦੇ ਫੌਜੀਆਂ ਅਤੇ ਅਧਿਕਾਰੀਆਂ ਨੂੰ ਮੇਲਾ ਖੇਤਰ ’ਚ ਤਾਇਨਾਤ ਕੀਤਾ ਗਿਆ ਹੈ। ਕੁੱਲ ਮਿਲਾ ਕੇ ਮੇਲਾ ਖੇਤਰ ’ਚ ਲਗਭਗ 40,000 ਪੁਲਸ ਕਰਮਚਾਰੀ, ਬੀ.ਐੱਸ.ਐੱਫ., ਆਈ.ਟੀ.ਬੀ.ਪੀ. ਸਮੇਤ ਪੈਰਾ ਮਿਲਟਰੀ ਫੋਰਸ ਦੀਆਂ 100 ਕੰਪਨੀਆਂ, ਐੱਨ.ਐੱਸ.ਜੀ. ਦੇ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਹਨ । ਸਾਰੇ ਸੁਰੱਖਿਆ ਅਮਲੇ ਦੀ ਗਿਣਤੀ ਲਗਭਗ 60,000 ਹੈ। ਪੂਰੇ ਮੇਲਾ ਖੇਤਰ ਤੇ ਪ੍ਰਯਾਗਰਾਜ ’ਚ 3000 ਤੋਂ ਵੱਧ ਕੈਮਰਿਆਂ ਨੂੰ 4 ਇੰਟੀਗ੍ਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰਾਂ ਰਾਹੀਂ ਕੰਟਰੋਲ ਕੀਤਾ ਜਾ ਰਿਹਾ ਹੈ ਅਤੇ ਇਹ ਚਾਰ ਸੈਂਟਰ ਵੱਖ-ਵੱਖ ਥਾਵਾਂ ’ਤੇ ਬਣਾਏ ਗਏ ਹਨ। ਇਨ੍ਹਾਂ ’ਚ ਕਰਮਚਾਰੀ 10-10 ਘੰਟਿਆਂ ਦੀਆਂ ਸ਼ਿਫਟਾਂ ’ਚ ਕੰਮ ਕਰ ਰਹੇ ਹਨ। ਹਰੇਕ ਸੈਂਟਰ ’ਚ ਲਗਭਗ 200 ਸਿਪਾਹੀ ਤਾਇਨਾਤ ਕੀਤੇ ਗਏ ਹਨ, ਜੋ ਸ਼ਹਿਰ ਅੰਦਰ ਸਰਗਰਮੀਆਂ ਤੇ ਬਾਹਰੋਂ ਆਉਣ ਵਾਲੀ ਆਵਾਜਾਈ ਦੇ ਨਾਲ-ਨਾਲ ਮੇਲਾ ਖੇਤਰ ’ਚ ਵਾਪਰ ਰਹੀਆਂ ਘਟਨਾਵਾਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8