ਕਲਯੁੱਗੀ ਪਿਤਾ ਨੇ ਨਾਬਾਲਗ ਬੇਟੀ ਨੂੰ ਬੰਧਕ ਬਣਾ ਕੇ ਕੀਤਾ ਰੇਪ

11/4/2019 1:01:22 PM

ਭੋਪਾਲ— ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ 'ਚ ਇਕ ਕੁੜੀ ਨੇ ਆਪਣੇ ਪਿਤਾ 'ਤੇ ਹੀ ਬੰਧਕ ਬਣਾਉਣ ਅਤੇ ਰੇਪ ਕਰਨ ਦਾ ਦੋਸ਼ ਲਗਾਇਆ ਹੈ। ਜ਼ਿਲੇ ਦੇ ਸਿਰਸੌਦਾ ਪਿੰਡ 'ਚ ਰਹਿਣ ਵਾਲੀ 16 ਸਾਲਾ ਪੀੜਤ ਕੁੜੀ ਦਾ ਕਹਿਣਾ ਹੈ ਕਿ ਸ਼ਨੀਵਾਰ ਰਾਤ ਨੂੰ ਘਰ 'ਚ ਹੀ ਪਿਤਾ ਨੇ ਉਸ ਨਾਲ ਅਜਿਹਾ ਕੀਤਾ। ਪੀੜਤ ਕੁੜੀ ਨੇ ਆਪਣੀ ਮਾਂ ਦੇ ਫੋਨ ਤੋਂ ਪੁਲਸ ਨੂੰ ਫੋਨ ਕਰ ਕੇ ਮੌਕੇ 'ਤੇ ਬੁਲਾਇਆ। ਦੋਸ਼ੀ ਪਿਤਾ ਨੂੰ ਜਦੋਂ ਇਹ ਪਤਾ ਲੱਗਾ ਕਿ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤਾਂ ਉਹ ਫਰਾਰ ਹੋ ਗਿਆ। ਦੋਸ਼ ਹੈ ਕਿ ਉਸ ਨੇ ਬੇਟੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।

ਦੋਸ਼ੀ ਹੋਇਆ ਫਰਾਰ
ਗੋਹਾਦ ਪੁਲਸ ਸਟੇਸ਼ਨ ਦੇ ਸਬ ਇੰਸਪੈਕਟਰ ਕਮਲਕਾਂਤ ਦੁਬੇ ਨੇ ਦੱਸਿਆ,''ਸਾਨੂੰ ਸ਼ਨੀਵਾਰ ਦੇਰ ਸ਼ਾਮ ਫੋਨ 'ਤੇ ਸ਼ਿਕਾਇਤ ਮਿਲੀ। ਜਦੋਂ ਅਸੀਂ ਮੌਕੇ 'ਤੇ ਪੁੱਜੇ ਤਾਂ ਦੋਸ਼ੀ ਉੱਥੋਂ ਫਰਾਰ ਹੋ ਚੁਕਿਆ ਸੀ। ਪੀੜਤ ਕੁੜੀ ਨੂੰ ਉੱਥੋਂ ਛੁਡਾਇਆ ਗਿਆ। ਦੋਸ਼ੀ 'ਤੇ ਰੇਪ ਕੇਸ ਦਰਜ ਕੀਤਾ ਗਿਆ ਹੈ।''

ਬਚਪਨ ਤੋਂ ਹੀ ਪਿਤਾ ਕਰਦਾ ਸੀ ਕੁੱਟਮਾਰ
ਪੀੜਤ ਕੁੜੀ ਨੇ ਪੁਲਸ 'ਚ ਦਰਜ ਕਰਵਾਏ ਬਿਆਨ 'ਚ ਕਿਹਾ,''ਮੇਰਾ ਪਿਤਾ ਬਚਪਨ ਤੋਂ ਬਿਨਾਂ ਹੀ ਕਾਰਨ ਮੈਨੂੰ ਮਾਰਦਾ ਰਹਿੰਦਾ ਸੀ, ਕਿਉਂਕਿ ਉਹ ਬੇਟਾ ਚਾਹੁੰਦਾ ਸੀ। ਮੇਰੀ ਮਾਂ ਮੈਨੂੰ ਬਚਾਉਣ ਦੇ ਨਾਲ ਮੇਰੀ ਮਦਦ ਕਰਦੀ ਸੀ। ਉਹ ਇਸ ਲਈ ਮਾਂ ਨੂੰ ਵੀ ਮਾਰਦਾ ਸੀ ਅਤੇ ਬੇਟੇ ਨੂੰ ਜਨਮ ਨਾ ਦੇਣ ਲਈ ਦੋਸ਼ੀ ਠਹਿਰਾਉਂਦਾ ਸੀ। ਸ਼ਨੀਵਾਰ ਨੂੰ ਪਿਤਾ ਨੇ ਪਹਿਲਾਂ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਫਿਰ ਕੁੱਟਮਾਰ ਤੋਂ ਬਾਅਦ ਰੇਪ ਕੀਤਾ।''

ਕੁੜੀ ਦੇ ਬਿਆਨ ਨੂੰ ਮਾਂ ਨੇ ਦੱਸਿਆ ਸਹੀ
ਪੀੜਤ ਕੁੜੀ ਦੇ ਬਿਆਨ ਨੂੰ ਉਸ ਦੀ ਮਾਂ ਨੇ ਸਹੀ ਦੱਸਿਆ। ਮਾਂ ਦਾ ਕਹਿਣਾ ਸੀ ਕਿ ਜਦੋਂ ਇਹ ਹੋਇਆ, ਉਦੋਂ ਉਹ ਘਰ ਦੇ ਵੱਖ ਹਿੱਸੇ 'ਚ ਸੀ। ਮਾਂ ਅਨੁਸਾਰ ਉਸੇ ਨੇ ਬੇਟੀ ਨੂੰ ਪੁਲਸ ਨੂੰ ਫੋਨ ਕਰਨ ਲਈ ਕਿਹਾ। ਪੁਲਸ ਨੇ ਦੋਸ਼ੀ ਦੀ ਭਾਲ 'ਚ ਉਸ ਦੀ ਸੰਭਾਵਿਤ ਮੌਜੂਦਗੀ ਵਾਲੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਪਰ ਹਾਲੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ।


DIsha

Edited By DIsha