ਬਸਪਾ ਵਿਧਾਇਕ ਮੁੱਖਤਾਰ ਅੰਸਾਰੀ ਦੀ ਲਗਜ਼ਰੀ ਕਾਰ ਪੁਲਸ ਨੇ ਕੀਤੀ ਜ਼ਬਤ
Thursday, Jun 24, 2021 - 04:45 PM (IST)
ਗਾਜ਼ੀਪੁਰ (ਭਾਸ਼ਾ)— ਮਊ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਿਧਾਇਕ ਗਾਜ਼ੀਪੁਰ ਵਾਸੀ ਮੁੱਖਤਾਰ ਅੰਸਾਰੀ ਦੀ ਲਗਜ਼ਰੀ ਕਾਰ ਨੂੰ ਪੁਲਸ ਨੇ ਬੇਨਾਮੀ ਸੰਪਤੀ ਦੇ ਰੂਪ ’ਚ ਜ਼ਬਤ ਕਰ ਲਿਆ ਹੈ। ਪੁਲਸ ਅਧਿਕਾਰੀ ਓਜਸਵੀ ਚਾਵਲਾ ਨੇ ਵੀਰਵਾਰ ਨੂੰ ਦੱਸਿਆ ਕਿ ਮੁੱਖਤਾਰ ਦੀ ਇਕ ਕੀਮਤੀ ਕਾਰ ਦੀ ਰਜਿਸਟ੍ਰੇਸ਼ਨ ਵਿਕਾਸ ਨਿਰਮਾਣ ਦੇ ਨਾਂ ’ਤੇ ਹੈ। ਇਸ ਕੰਪਨੀ ’ਚ ਮੁੱਖਤਾਰ ਦੀ ਪਤਨੀ ਅਫਸ਼ਾ ਦੀ 60 ਫ਼ੀਸਦੀ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਮੁੱਖਤਾਰ ਦੇ ਸਾਲਿਆਂ- ਅਨਵਰ ਸ਼ਹਿਜ਼ਾਦ ਅਤੇ ਸ਼ਰਜੀਲ ਰਜ਼ਾ ਦੀ ਹਿੱਸੇਦਾਰੀ 20-20 ਫ਼ੀਸਦੀ ਹੈ।
ਪੁਲਸ ਅਧਿਕਾਰੀ ਨੇ ਕਿਹਾ ਕਿ ਕੰਪਨੀ ਦੇ ਨਾਂ ਕਾਰ ਰਜਿਸਟਰਡ ਹੋਣ ’ਤੇ ਉਸ ਨੂੰ ਬੇਨਾਮੀ ਸੰਪਤੀ ਮੰਨਿਆ ਜਾਵੇਗਾ। ਮਾਫ਼ੀਆ ਤੱਤਾਂ ਖ਼ਿਲਾਫ਼ ਕਾਰਵਾਈ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਹੁਕਮ ਮੁਤਾਬਕ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮੁੱਖਤਾਰ ਦੀ ਕਾਰ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ। ਓਜਸਵੀ ਨੇ ਦੱਸਿਆ ਕਿ ਇਹ ਕਾਰ ਮੁੱਖਤਾਰ ਦੀ ਪਤਨੀ ਅਫਸ਼ਾ ਅੰਸਾਰੀ ਦੀ ਗਾਜ਼ੀਪੁਰ ਨਗਰ ਦੇ ਸੈਈਦਵਾੜਾ ਮੁਹੱਲੇ ’ਚ ਸਥਿਤ ਘਰ ਤੋਂ ਜ਼ਬਤ ਕੀਤੀ ਗਈ। ਟੀਮ ਨੇ ਮੁੱਖਤਾਰ ਅੰਸਾਰੀ ਦੇ ਕਰੀਬੀ ਫਰਮ ਦੇ ਨਾਂ ’ਤੇ ਰਜਿਸਟਰਡ ਇਸ ਆਡੀ ਕਾਰਨ ਦੀ ਕੀਮਤ 31 ਲੱਖ ਰੁਪਏ ਦੱਸੀ ਹੈ।