ਚੰਦਰ ਗ੍ਰਹਿਣ ਦੇ ਸਾਏ ਹੇਠ ਮਨਾਇਆ ਜਾਵੇਗਾ ਰੱਖੜੀ ਦਾ ਤਿਉਹਾਰ, ਜਾਣੋ ਸ਼ੁਭ ਸਮਾਂ
Tuesday, Aug 18, 2026 - 05:33 AM (IST)
ਨਵੀਂ ਦਿੱਲੀ - ਇਸ ਸਾਲ ਭਾਈ-ਭੈਣ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਰੱਖੜੀ (ਰਕਸ਼ਾਬੰਧਨ) ਦਾ ਤਿਉਹਾਰ 28 ਅਗਸਤ 2026, ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਹਿੰਦੂ ਪੰਚਾਂਗ ਦੇ ਅਨੁਸਾਰ ਇਹ ਦਿਨ ਸਾਉਣ ਮਹੀਨੇ ਦੀ ਪੂਰਨਮਾਸ਼ੀ (ਸ਼ਰਾਵਣ ਪੂਰਨਿਮਾ) ਹੈ। ਇਸ ਵਾਰ ਰੱਖੜੀ ਦਾ ਦਿਨ ਇਸ ਲਈ ਵੀ ਚਰਚਾ ਵਿੱਚ ਹੈ ਕਿਉਂਕਿ ਇਸੇ ਦਿਨ ਆਂਸ਼ਿਕ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਹਾਲਾਂਕਿ, ਭਾਰਤ ਵਿੱਚ ਇਸ ਗ੍ਰਹਿਣ ਦਾ ਕੋਈ ਪ੍ਰਭਾਵ ਨਹੀਂ ਪਵੇਗਾ।
ਪੂਰਨਮਾਸ਼ੀ ਅਤੇ ਗ੍ਰਹਿਣ ਦਾ ਸਮਾਂ
ਹਿੰਦੂ ਕੈਲੰਡਰ ਮੁਤਾਬਕ, ਪੂਰਨਮਾਸ਼ੀ ਤਿਥੀ 27 ਅਗਸਤ ਨੂੰ ਸਵੇਰੇ 9:08 ਵਜੇ ਤੋਂ ਸ਼ੁਰੂ ਹੋ ਕੇ 28 ਅਗਸਤ ਨੂੰ ਸਵੇਰੇ 9:48 ਵਜੇ ਤੱਕ ਰਹੇਗੀ, ਜਿਸ ਕਾਰਨ ਇਹ ਤਿਉਹਾਰ 28 ਅਗਸਤ ਨੂੰ ਮਨਾਇਆ ਜਾਵੇਗਾ।
28 ਅਗਸਤ ਨੂੰ ਲੱਗਣ ਵਾਲੇ ਇਸ ਆਂਸ਼ਿਕ ਚੰਦਰ ਗ੍ਰਹਿਣ ਦੀ ਕੁੱਲ ਵਿਸ਼ਵ ਵਿਆਪੀ ਮਿਆਦ ਲਗਭਗ 5 ਘੰਟੇ 36 ਮਿੰਟ ਰਹੇਗੀ। ਗ੍ਰਹਿਣ ਦਾ ਸਿਖਰਲਾ ਪੜਾਅ ਸਵੇਰੇ ਲਗਭਗ 9:43 ਵਜੇ ਹੋਵੇਗਾ ਅਤੇ ਇਸ ਦਾ ਅੰਤਿਮ ਪੜਾਅ ਸਵੇਰੇ 11:21 ਵਜੇ ਦੇ ਕਰੀਬ ਸਮਾਪਤ ਹੋਵੇਗਾ।
ਰੱਖਣੀ ਬੰਨ੍ਹਣ ਦਾ ਸਮਾਂ
ਧਾਰਮਿਕ ਮਾਨਤਾਵਾਂ ਅਨੁਸਾਰ, ਇਹ ਚੰਦਰ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ। ਭਾਰਤ ਵਿੱਚ ਨਾ ਦਿਖਣ ਕਾਰਨ ਇੱਥੇ ਸੂਤਕ ਕਾਲ ਅਤੇ ਪੂਜਾ-ਪਾਠ ਨਾਲ ਜੁੜੇ ਨਿਯਮ ਲਾਗੂ ਨਹੀਂ ਹੋਣਗੇ ਅਤੇ ਇਸ ਦਾ ਰੱਖਣੀ ਬੰਨ੍ਹਣ ਦੇ ਸਮੇਂ 'ਤੇ ਕੋਈ ਅਸਰ ਨਹੀਂ ਪਵੇਗਾ। ਭੈਣਾਂ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਭਰਾਵਾਂ ਦੀ ਕਲਾਈ 'ਤੇ ਰੱਖੜੀ ਬੰਨ੍ਹ ਸਕਣਗੀਆਂ। ਦੱਸਣਯੋਗ ਹੈ ਕਿ ਇਹ ਚੰਦਰ ਗ੍ਰਹਿਣ ਮੁੱਖ ਰੂਪ ਵਿੱਚ ਅਮਰੀਕਾ, ਯੂਰਪ, ਅਫ਼ਰੀਕਾ ਅਤੇ ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਦਿਖਾਈ ਦੇਵੇਗਾ।
