ਲਖਨਊ ਏਅਰਪੋਰਟ ਦੇ ਲੇਬਰ ਕੈਂਪ ''ਚ ਲੱਗ ਗਈ ਅੱਗ ! 2 KM ਤੱਕ ਦਿਖਿਆ ਧੂੰਏਂ ਦਾ ਗੁਬਾਰ

Wednesday, Oct 07, 2026 - 12:05 PM (IST)

ਲਖਨਊ ਏਅਰਪੋਰਟ ਦੇ ਲੇਬਰ ਕੈਂਪ ''ਚ ਲੱਗ ਗਈ ਅੱਗ ! 2 KM ਤੱਕ ਦਿਖਿਆ ਧੂੰਏਂ ਦਾ ਗੁਬਾਰ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਥਿਤ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਏਅਰਪੋਰਟ ਕੰਪਲੈਕਸ ’ਚ ਮੰਗਲਵਾਰ ਸਵੇਰੇ ਲੱਗਭਗ 6.30 ਵਜੇ ਮਜ਼ਦੂਰਾਂ ਦੀ ਲੇਬਰ ਕਾਲੋਨੀ ’ਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਾਟਾਂ ਅਤੇ ਧੂਆਂ ਲੱਗਭਗ 2 ਕਿਲੋਮੀਟਰ ਦੂਰ ਤੱਕ ਵਿਖਾਈ ਦਿੱਤਾ। ਹਾਦਸੇ ’ਚ ਸਾਮਾਨ ਕੱਢਣ ਦੀ ਕੋਸ਼ਿਸ਼ ਕਰ ਰਹੇ 2 ਮਜ਼ਦੂਰ ਜ਼ਖਮੀ ਹੋ ਗਏ, ਜਦੋਂਕਿ ਲੱਗਭਗ 500 ਮਜ਼ਦੂਰਾਂ ਨੂੰ ਸਮਾਂ ਰਹਿੰਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਜਾਣਕਾਰੀ ਅਨੁਸਾਰ, ਟਾਟਾ ਪ੍ਰਾਜੈਕਟਸ ਵੱਲੋਂ ਮਜ਼ਦੂਰਾਂ ਦੇ ਰਹਿਣ ਲਈ ਪੀ. ਵੀ. ਸੀ. ਪੈਨਲ ਨਾਲ ਤਿੰਨ ਮੰਜ਼ਿਲਾ ਲੇਬਰ ਕਾਲੋਨੀ ਬਣਾਈ ਗਈ ਸੀ। ਸਵੇਰੇ ਇਕ ਮਜ਼ਦੂਰ ਗੈਸੀ ਚੁੱਲ੍ਹੇ ’ਤੇ ਖਾਣਾ ਬਣਾ ਰਿਹਾ ਸੀ, ਤਾਂ ਉਦੋਂ ਹੀ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਲੈ ਲਿਆ ਅਤੇ ਕਾਲੋਨੀ ’ਚ ਹਫੜਾ-ਦਫੜੀ ਮਚ ਗਈ।

ਅੱਗ ਫੈਲਣ ਤੋਂ ਪਹਿਲਾਂ ਹੀ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ। ਨਿਰਮਲ ਅਤੇ ਰਾਹੁਲ ਸਾਮਾਨ ਕੱਢਣ ਦੌਰਾਨ ਜ਼ਖਮੀ ਹੋ ਗਏ। ਦੋਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਅੱਗ ਨਾਲ ਗ੍ਰਾਊਂਡ ਅਤੇ ਫਰਸਟ ਫਲੋਰ ਪੂਰੀ ਤਰ੍ਹਾਂ ਸੜ ਗਏ, ਜਦੋਂਕਿ ਉੱਪਰਲੇ ਹਿੱਸੇ ਵੀ ਪ੍ਰਭਾਵਿਤ ਹੋਏ। ਥਾਣਾ ਇੰਚਾਰਜ ਰਾਜਦੇਵ ਪ੍ਰਜਾਪਤੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਏਅਰਪੋਰਟ ਸੁਰੱਖਿਆ ਟੀਮ ਅਤੇ ਸਰੋਜਨੀਨਗਰ ਪੁਲਸ ਮੌਕੇ ’ਤੇ ਮੌਜੂਦ ਰਹੀ।


author

Harpreet SIngh

Content Editor

Related News