ਭਗਵਾਨ ਜਗਨਨਾਥ ਦੀ ਰੱਥ ਯਾਤਰਾ ਸ਼ੁਰੂ, ਅਮਿਤ ਸ਼ਾਹ ਨੇ ਕੀਤੀ ਆਰਤੀ
Sunday, Jul 07, 2024 - 10:31 AM (IST)
ਅਹਿਮਦਾਬਾਦ (ਭਾਸ਼ਾ)- ਭਗਵਾਨ ਜਗਨਨਾਥ ਦੀ 147ਵੀਂ ਰੱਥ ਯਾਤਰਾ ਐਤਵਾਰ ਸਵੇਰੇ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ 'ਚ ਸ਼ੁਰੂ ਹੋਈ, ਜਿੱਥੇ ਉਨ੍ਹਾਂ ਦੇ ਦਰਸ਼ਨ ਲਈ ਯਾਤਰਾ ਮਾਰਗ 'ਤੇ ਵੱਡੀ ਗਿਣਤੀ 'ਚ ਸ਼ਰਧਾਲੂ ਇਕੱਠੇ ਹੋਏ। ਇਹ ਰੱਥ ਯਾਤਰਾ ਹਰ ਸਾਲ ਹਾੜ੍ਹ ਮਹੀਨੇ ਦੇ ਦੂਜੇ ਦਿਨ ਕੱਢੀ ਜਾਂਦੀ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ 'ਮੰਗਲਾ ਆਰਤੀ' ਕੀਤੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ 'ਪਾਹਿੰਦ ਵਿਧੀ' ਸੰਪੰਨ ਕੀਤੀ। ਇਹ ਵਿਧੀ ਜਮਾਲਪੁਰ ਇਲਾਕੇ 'ਚ ਭਗਵਾਨ ਜਗਨਨਾਥ ਦੇ 400 ਸਾਲ ਪੁਰਾਣੇ ਮੰਦਰ ਤੋਂ ਰੱਥ ਯਾਤਰਾ ਸ਼ੁਰੂ ਹੋਣ 'ਤੇ ਸੋਨੇ ਦੇ ਝਾੜੂ ਨਾਲ ਯਾਤਰਾ ਮਾਰਗ ਨੂੰ ਸਾਫ਼ ਕਰਨ ਦੀ ਪਰੰਪਰਾ ਹੈ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਪਹਿਲੇ ਦੱਸਿਆ ਸੀ ਕਿ ਇਸ ਪ੍ਰੋਗਰਾਮ ਲਈ 22,000 ਤੋਂ ਵੱਧ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕੀਤਾ ਜਾਵੇਗਾ ਅਤੇ ਲੋਕਾਂ ਦੀ ਆਵਾਜਾਈ 'ਤੇ ਨਜ਼ਰ ਰੱਖਣ ਲਈ 20 ਡਰੋਨਾਂ ਦੇ ਨਾਲ-ਨਾਲ ਕੈਮਰੇ ਲੱਗੇ ਕੁਝ ਗੁਬਾਰਿਆਂ ਦਾ ਵੀ ਉਪਯੋਗ ਕੀਤਾ ਜਾਵੇਗਾ। ਇਨ੍ਹਾਂ 'ਚੋਂ 4,500 ਜਵਾਨ ਪੂਰੇ 16 ਕਿਲੋਮੀਟਰ ਲੰਬੇ ਮਾਰਗ 'ਤੇ ਰੱਥ ਯਾਤਰਾ ਨਾਲ ਚੱਲਣਗੇ, ਜਦੋਂ ਕਿ 1,931 ਜਵਾਨ ਆਵਾਜਾਈ ਪ੍ਰਬੰਧਨ ਲਈ ਤਾਇਨਾਤ ਕੀਤੇ ਜਾਣਗੇ। ਦਹਾਕਿਆਂ ਪੁਰਾਣੀ ਪਰੰਪਰਾ ਅਨੁਸਾਰ, ਰੱਥ ਯਾਤਰਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਲੰਘਦੇ ਹੋਏ ਰਾਤ 8 ਵਜੇ ਤੱਕ ਪਰਤੇਗੀ, ਇਨ੍ਹਾਂ 'ਚ ਫਿਰਕੂ ਰੂਪ ਨਾਲ ਕੁਝ ਸੰਵੇਦਨਸ਼ੀਲ ਇਲਾਕੇ ਵੀ ਸ਼ਾਮਲ ਹਨ। ਯਾਤਰਾ 'ਚ ਆਮ ਤੌਰ 'ਤੇ 18 ਹਾਥੀ, 100 ਟਰੱਕ ਅਤੇ 30 ਅਖਾੜਿਆਂ ਦੇ ਲੋਕ ਸ਼ਾਮਲ ਹੁੰਦੇ ਹਨ। ਸੀਨੀਅਰ ਪੁਲਸ ਅਧਿਾਕਰੀ 1,733 'ਬਾਡੀ ਕੈਮਰੇ' ਨਾਲ ਯਾਤਰਾ 'ਤੇ ਕਰੀਬੀ ਨਜ਼ਰ ਰੱਖਣਗੇ। ਇਸ ਤੋਂ ਇਲਾਵਾ ਯਾਤਰਾ ਮਾਰਗ 'ਤੇ 47 ਥਾਵਾਂ 'ਤੇ 20 ਡਰੋਨ ਅਤੇ 96 ਨਿਗਰਾਨੀ ਕੈਮਰੇ ਵੀ ਲਗਾਏ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8