ਸ਼ਰਦ ਯਾਦਵ ਦੀ ਪੁੱਤਰੀ ਕਾਂਗਰਸ ''ਚ ਹੋਈ ਸ਼ਾਮਲ

10/14/2020 3:26:12 PM

ਨਵੀਂ ਦਿੱਲੀ— ਲੋਕਤੰਤਰੀ ਜਨਤਾ ਦਲ (ਲੋਜਪਾ) ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦੀ ਪੁੱਤਰੀ ਸੁਭਾਸ਼ਿਨੀ ਯਾਦਵ ਬੁੱਧਵਾਰ ਨੂੰ ਕਾਂਗਰਸ 'ਚ ਸ਼ਾਮਲ ਹੋ ਗਈ। ਉਨ੍ਹਾਂ ਨਾਲ ਹੀ ਲੋਜਪਾ ਦੇ ਸੀਨੀਅਰ ਨੇਤਾ ਕਾਲੀ ਪਾਂਡੇ ਵੀ ਕਾਂਗਰਸ ਵਿਚ ਸ਼ਾਮਲ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਸੁਭਾਸ਼ਿਨੀ ਬਿਹਾਰ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਟਿਕਟ 'ਤੇ ਚੋਣਾਂ ਲੜ ਸਕਦੀ ਹੈ। ਸੁਭਾਸ਼ਿਨੀ ਅਤੇ ਕਾਲੀ ਪਾਂਡੇ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਪਵਨ ਖੇੜਾ, ਦਵਿੰਦਰ ਯਾਦਵ ਅਤੇ ਅਜੇ ਕਪੂਰ ਦੀ ਮੌਜੂਦਗੀ ਵਿਚ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ ਹੈ। ਇਸ ਮੌਕੇ 'ਤੇ ਕਾਂਗਰਸ ਬੁਲਾਰਾ ਖੇੜਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸੁਭਾਸ਼ਿਨੀ ਯਾਦਵ ਕਾਂਗਰਸ ਵਿਚ ਸ਼ਾਮਲ ਹੋਈ ਹੈ। ਉਨ੍ਹਾਂ ਦੇ ਪਿਤਾ ਦਾ ਭਾਰਤ ਦੇ ਸੰਸਦੀ ਲੋਕਤੰਤਰ ਵਿਚ ਬਹੁਤ ਵੱਡਾ ਯੋਗਦਾਨ ਹੈ।

ਜ਼ਿਕਰਯੋਗ ਹੈ ਕਿ ਸ਼ਰਦ ਯਾਦਵ ਆਪਣੀ ਪਾਰਟੀ ਗਠਿਤ ਕਰਨ ਤੋਂ ਪਹਿਲਾਂ ਜਦ (ਯੂ) ਵਿਚ ਸਨ ਅਤੇ ਉਨ੍ਹਾਂ ਨੇ ਪਾਰਟੀ ਦਾ ਪ੍ਰਧਾਨ ਰਹਿਣ ਨਾਲ ਕਈ ਸਾਲਾਂ ਤੱਕ ਰਾਜਗ ਦੇ ਕਨਵੀਨਰ ਦੀ ਭੂਮਿਕਾ ਨਿਭਾਈ। ਸਾਲ 2017 ਵਿਚ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਸ਼ਰਦ ਯਾਦਵ ਨੂੰ ਜਦ (ਯੂ) 'ਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲੋਕਤੰਤਰੀ ਜਨਤਾ ਦਲ ਦਾ ਗਠਨ ਕੀਤਾ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਮਹਾਗਠਜੋੜ ਦਾ ਹਿੱਸਾ ਸਨ ਅਤੇ ਇਸ ਦੇ ਬੈਨਰ ਹੇਠ ਮਧੇਪੁਰਾ ਤੋਂ ਚੋਣ ਵੀ ਲੜੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।


Tanu

Content Editor

Related News