ਲੋਕ ਸਭਾ ਸਕੱਤਰ ਜਨਰਲ ਨੂੰ ਮਿਲਿਆ ਇਕ ਸਾਲ ਦਾ ਨਵਾਂ ਸੇਵਾ ਵਿਸਥਾਰ
Monday, Dec 02, 2024 - 12:24 PM (IST)
ਨਵੀਂ ਦਿੱਲੀ- ਲੋਕ ਸਭਾ ਦੇ ਜਨਰਲ ਸਕੱਤਰ ਉਤਪਲ ਕੁਮਾਰ ਸਿੰਘ ਦੇ ਕਾਰਜਕਾਲ 'ਚ ਇਕ ਸਾਲ ਦਾ ਨਵਾਂ ਸੇਵਾ ਵਿਸਥਾਰ ਕੀਤਾ ਗਿਆ ਹੈ। ਇਕ ਅਧਿਕਾਰਤ ਹੁਕਮ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਹੁਕਮਾਂ ਅਨੁਸਾਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਿੰਘ ਦਾ ਕਾਰਜਕਾਲ 30 ਨਵੰਬਰ 2025 ਤੱਕ ਵਧਾ ਦਿੱਤਾ ਹੈ। ਉੱਤਰਾਖੰਡ ਕੇਡਰ ਦੇ 1986 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਅਧਿਕਾਰੀ ਸਿੰਘ ਨੇ 1 ਦਸੰਬਰ, 2020 ਨੂੰ ਲੋਕ ਸਭਾ ਦੇ ਸਕੱਤਰ ਜਨਰਲ ਵਜੋਂ ਅਹੁਦਾ ਸੰਭਾਲਿਆ ਅਤੇ ਉਨ੍ਹਾਂ ਦਾ ਕਾਰਜਕਾਲ ਪਹਿਲਾਂ ਵੀ ਕਈ ਵਾਰ ਵਧਾਇਆ ਜਾ ਚੁੱਕਾ ਹੈ।
ਉਹ 31 ਜੁਲਾਈ, 2020 ਨੂੰ ਉੱਤਰਾਖੰਡ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਅਤੇ 1 ਸਤੰਬਰ, 2020 ਨੂੰ ਲੋਕ ਸਭਾ ਸਕੱਤਰੇਤ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਨੇ ਤਤਕਾਲੀ ਲੋਕ ਸਭਾ ਸਕੱਤਰ ਜਨਰਲ ਸਨੇਹਲਤਾ ਸ੍ਰੀਵਾਸਤਵ ਦੀ ਸੇਵਾਮੁਕਤੀ ਤੋਂ ਤਿੰਨ ਮਹੀਨੇ ਬਾਅਦ ਲੋਕ ਸਭਾ ਸਕੱਤਰ ਜਨਰਲ ਵਜੋਂ ਅਹੁਦਾ ਸੰਭਾਲਿਆ ਸੀ। ਸਿੰਘ ਕੋਲ 34 ਸਾਲਾਂ ਦਾ ਅਮੀਰ ਅਤੇ ਵਿਭਿੰਨ ਪ੍ਰਸ਼ਾਸਕੀ ਤਜਰਬਾ ਹੈ। ਉਨ੍ਹਾਂ ਨੇ ਆਰਥਿਕਤਾ ਅਤੇ ਸ਼ਾਸਨ ਦੇ ਵੱਖ-ਵੱਖ ਖੇਤਰਾਂ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ 'ਚ ਵੱਖ-ਵੱਖ ਅਹੁਦਿਆਂ 'ਚ ਸੇਵਾ ਕੀਤੀ ਹੈ।