ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਤੀਜੀ ਵਾਰ ਮੁਲਤਵੀ
Thursday, Jul 22, 2021 - 03:00 PM (IST)
ਨਵੀਂ ਦਿੱਲੀ— ਲੋਕ ਸਭਾ ਵਿਚ ਮਾਨਸੂਨ ਸੈਸ਼ਨ ਦੇ ਤੀਜੇ ਦਿਨ ਵੀਰਵਾਰ ਨੂੰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਹੰਗਾਮੇ ਅਤੇ ਨਾਅਰੇਬਾਜ਼ੀ ਕਾਰਨ ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕਰਨੀ ਪਈ। ਪਹਿਲੀ ਵਾਰ ਸਵੇਰੇ 11 ਵਜੇ ਅਤੇ ਦੂਜੀ ਵਾਰ ਦੁਪਹਿਰ 12 ਵਜੇ ਦੇ ਸਥਗਨ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਜਿਵੇਂ ਹੀ ਸ਼ੁਰੂ ਹੋਈ ਤਾਂ ਕਾਂਗਰਸ, ਤ੍ਰਿਣਮੂਲ ਕਾਂਗਰਸ, ਖੱਬੇ ਪੱਖੀ ਦਲ, ਸ਼ਿਵ ਸੈਨਾ, ਸ਼੍ਰੋਮਣੀ ਅਕਾਲੀ ਦਲ, ਰਾਸ਼ਟਰਵਾਦੀ ਕਾਂਗਰਸ ਪਾਰਟੀ ਆਦਿ ਵਿਰੋਧੀ ਧਿਰਾਂ ਦੇ ਮੈਂਬਰ ਸਦਨ ਦੇ ਵਿਚੋਂ-ਵਿਚ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਉਹ ਸਰਕਾਰ ਨੂੰ ਫੋਨ ਟੈਪਿੰਗ ਜ਼ਰੀਏ ਜਾਸੂਸੀ ਕਰਾਉਣ ਦੇ ਦੋਸ਼ਾਂ, ਮਹਿੰਗਾਈ, ਕਿਸਾਨਾਂ ਨਾਲ ਜੁੜੇ ਮਸਲਿਆਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਹੰਗਾਮਾ ਕਰ ਰਹੇ ਸਨ।
ਇਹ ਵੀ ਪੜ੍ਹੋ: ਸੰਸਦ ’ਚ ਵਿਰੋਧੀ ਧਿਰ ਦਾ ਹੰਗਾਮਾ, ਲੋਕ ਸਭਾ, ਰਾਜ ਸਭਾ 2 ਵਜੇ ਤੱਕ ਲਈ ਮੁਲਤਵੀ
ਸਭਾਪਤੀ ਨੇ ਮੈਂਬਰਾਂ ਨੂੰ ਆਪਣੀ-ਆਪਣੀ ਸੀਟ ’ਤੇ ਜਾਣ ਦੀ ਅਪੀਲ ਕੀਤੀ ਪਰ ਮੈਂਬਰ ਨਹੀਂ ਮੰਨੇ ਅਤੇ ਹੰਗਾਮਾ ਜਾਰੀ ਰੱਖਿਆ। ਇਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ 4 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਓਧਰ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਸੀ ਕਿ ਸਰਕਾਰ ਵਿਰੋਧੀ ਧਿਰ ਵਲੋਂ ਚੁੱਕੇ ਗਏ ਕਿਸੇ ਵੀ ਮੁੱਦੇ ’ਤੇ ਬਹਿਸ ਕਰਨ ਲਈ ਤਿਆਰ ਹੈ। ਅਸੀਂ ਵੀ ਸਦਨ ਵਿਚ ਚਰਚਾ ਚਾਹੁੰਦੇ ਹਾਂ। ਵਿਰੋਧੀ ਧਿਰ ਤੈਅ ਕਰ ਲਵੇ ਕਿ ਕਿਹੜੇ ਵਿਸ਼ੇ ’ਤੇ ਚਰਚਾ ਕਰਨੀ ਹੈ।