ਲੋਕ ਸਭਾ ਚੋਣਾਂ: ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫਤੇ ਕਰ ਸਕਦੈ ਐਲਾਨ

01/18/2019 5:56:54 PM

ਨਵੀਂ ਦਿੱਲੀ— ਚੋਣ ਕਮਿਸ਼ਨ ਆਉਣ ਵਾਲੀ ਮਾਰਚ ਦੇ ਪਹਿਲੇ ਹਫਤੇ 'ਚ ਲੋਕ ਸਭਾ ਚੋਣ ਪ੍ਰੋਗਰਾਮ ਦਾ ਐਲਾਨ ਕਰ ਸਕਦਾ ਹੈ। ਕਮਿਸ਼ਨ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਸੰਕੇਤ ਦਿੰਦੇ ਹੋਏ ਲੋਕ ਸਭਾ ਚੋਣਾਂ ਦੇ ਨਾਲ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਕਰਵਾਉਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਲੋਕ ਸਭਾ ਦਾ ਕਾਰਜਕਾਲ ਆਉਣ ਵਾਲੀ 3 ਜੂਨ ਨੂੰ ਖਤਮ ਹੋਵੇਗਾ। ਇਸ ਦੇ ਮੱਦੇਨਜ਼ਰ ਕਮਿਸ਼ਨ ਨੇ ਚੋਣਾਂ ਕਿਸ ਮਹੀਨੇ 'ਚ ਅਤੇ ਕਿੰਨੇ ਪੜਾਅ 'ਚ ਕਰਵਾਈਆਂ ਜਾਣੀਆਂ ਹਨ, ਇਹ ਤੈਅ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨ ਨੇ 2004 'ਚ 29 ਫਰਵਰੀ ਨੂੰ ਲੋਕ ਸਭਾ ਚੋਣਾਂ 4 ਪੜਾਅ 'ਚ ਕਰਵਾਉਣ ਦਾ ਐਲਾਨ ਕੀਤਾ ਸੀ। 2009 'ਚ 2 ਮਾਰਚ ਨੂੰ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕੀਤਾ ਸੀ। ਉਦੋਂ 5 ਪੜਾਵਾਂ 'ਚ ਚੋਣਾਂ ਹੋਈਆਂ ਸਨ, ਜੋ 16 ਅਪ੍ਰੈਲ ਨੂੰ ਸ਼ੁਰੂ ਹੋ ਕੇ 13 ਮਈ ਨੂੰ ਖਤਮ ਹੋਈਆਂ ਸਨ। ਇਸੇ ਤਰ੍ਹਾਂ 2014 'ਚ ਚੋਣ ਕਮਿਸ਼ਨ ਨੇ 5 ਮਾਰਚ ਨੂੰ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕੀਤਾ ਸੀ। ਪਿਛਲੀ ਵਾਰ ਚੋਣਾਂ 9 ਪੜਾਵਾਂ 'ਚ ਅਪ੍ਰੈਲ ਅਤੇ ਮਈ 'ਚ ਹੋਈਆਂ ਸਨ। ਪਹਿਲੇ ਪੜਾਅ ਦੀ ਵੋਟਿੰਗ 7 ਅਪ੍ਰੈਲ ਨੂੰ ਅਤੇ ਆਖਰੀ ਪੜਾਅ ਦੀ ਵੋਟਿੰਗ 12 ਮਈ ਨੂੰ ਹੋਈ ਸੀ। ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਅਪ੍ਰੈਲ ਤੋਂ ਮਈ ਦੇ ਦੂਜੇ ਹਫਤੇ 'ਚ ਸੰਪੰਨ ਕਰਵਾ ਲਈਆਂ ਗਈਆਂ।
 

ਇਨ੍ਹਾਂ ਥਾਂਵਾਂ 'ਤੇ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਵੀ ਯੋਜਨਾ
ਸੂਤਰਾਂ ਨੇ ਦੱਸਿਆ ਕਿ ਚੋਣ ਕਿੰਨੇ ਪੜਾਅ 'ਚ ਹੋਣਗੇ, ਇਹ ਸੁਰੱਖਿਆ ਫੋਰਸਾਂ ਦੀ ਉਪਲੱਬਧਤਾ ਅਤੇ ਹੋਰ ਜ਼ਰੂਰਤਾਂ 'ਤੇ ਨਿਰਭਰ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਚੋਣ ਪ੍ਰੋਗਰਾਮ ਦਾ ਐਲਾਨ ਮਾਰਚ ਦੇ ਪਹਿਲੇ ਹਫਤੇ ਹੋ ਸਕਦਾ ਹੈ। ਅਜਿਹੀ ਸੰਭਾਵਨਾ ਹੈ ਕਿ ਚੋਣ ਕਮਿਸ਼ਨ ਪਿਛਲੀ ਵਾਰ ਦੀ ਤਰ੍ਹਾਂ ਹੀ ਆਂਧਰਾ ਪ੍ਰਦੇਸ਼, ਉੜੀਸਾ, ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਨੂੰ ਵੀ ਲੋਕ ਸਭਾ ਚੋਣਾਂ ਨਾਲ ਹੀ ਕਰਵਾਏ।

ਜੰਮੂ ਅਤੇ ਕਸ਼ਮੀਰ ਦੀ ਵਿਧਾਨ ਸਭਾ ਭੰਗ ਹੋ ਚੁਕੀ ਹੈ, ਲਿਹਾਜਾ ਚੋਣ ਕਮਿਸ਼ਨ ਨੇ 6 ਮਹੀਨੇ ਦੇ ਅੰਦਰ ਉੱਥੇ ਵੀ ਚੋਣਾਂ ਕਰਵਾਉਣੀਆਂ ਹਨ। ਜੰਮੂ-ਕਸ਼ਮੀਰ ਵਿਧਾਨ ਸਭਾ ਨਵੰਬਰ 2018 'ਚ ਭੰਗ ਹੋਈ ਸੀ ਅਤੇ ਉੱਥੇ ਮਈ 2019 ਤੱਕ ਚੋਣ ਕਰਵਾਉਣੀਆਂ ਹਨ। ਅਜਿਹੇ 'ਚ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੇ ਨਾਲ ਹੀ ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ ਵੀ ਕਰਵਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ 'ਚ ਮਈ ਤੋਂ ਪਹਿਲਾਂ ਹੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ ਅਤੇ ਇਹ ਉੱਥੇ ਹੀ ਸੁਰੱਖਿਆ ਸਥਿਤੀ 'ਤੇ ਨਿਰਭਰ ਕਰਦਾ ਹੈ। ਆਮ ਹਾਲਾਤਾਂ 'ਚ ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ, ਜੋ 16 ਮਾਰਚ 2021 ਨੂੰ ਖਤਮ ਹੁੰਦਾ। ਹਾਲਾਂਕਿ ਹੋਰ ਵਿਧਾਨ ਸਭਾਵਾਂ ਅਤੇ ਲੋਕ ਸਭਾ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ। ਸਿੱਕਿਮ ਵਿਧਾਨ ਸਭਾ ਦਾ ਕਾਰਜਕਾਲ 27 ਮਈ 2019 ਨੂੰ ਖਤਮ ਹੋ ਰਿਹਾ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼, ਉੜੀਸਾ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਦੇ ਕਾਰਜਕਾਲ 18 ਜੂਨ, 11 ਜੂਨ ਅਤੇ ਇਕ ਜੂਨ ਨੂੰ ਖਤਮ ਹੋ ਰਹੇ ਹਨ।


DIsha

Content Editor

Related News