ਲੋਕ ਸਭਾ ਚੋਣਾਂ : ਚੋਣ ਕਮਿਸ਼ਨ ਨੇ ਕੀਤਾ ਤਰੀਕਾਂ ਦਾ ਐਲਾਨ, ਚੋਣ ਜ਼ਾਬਤਾ ਲਾਗੂ

03/10/2019 6:37:51 PM

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2019 ਦੀਆਂ ਤਰੀਕਾਂ ਦਾ ਅੱਜ ਯਾਨੀ ਕਿ ਐਤਵਾਰ ਨੂੰ ਐਲਾਨ ਕਰ ਦਿੱਤਾ ਹੈ। ਦਿੱਲੀ ਦੇ ਵਿਗਿਆਨ ਭਵਨ ਵਿਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਤਰੀਕਾਂ ਦਾ ਐਲਾਨ ਕੀਤਾ। 17ਵੀਂ ਲੋਕ ਸਭਾ ਦੀਆਂ 543 ਸੀਟਾਂ ਲਈ 11 ਅਪ੍ਰੈਲ ਤੋਂ 19 ਮਈ ਤਕ 7 ਪੜਾਵਾਂ 'ਚ ਚੋਣਾਂ ਹੋਣਗੀਆਂ। 23 ਮਈ ਨੂੰ ਚੋਣਾਂ ਦੇ ਨਤੀਜੇ ਆਉਣਗੇ। ਤਾਰੀਕਾਂ ਦੇ ਐਲਾਨ ਨਾਲ ਹੀ ਦੇਸ਼ 'ਚ ਚੋਣ ਜ਼ਾਬਤਾ ਲਾਗੂ ਹੋ ਗਈ ਹੈ। ਇਸ ਤੋਂ ਬਾਅਦ ਹੁਣ ਸਰਕਾਰ ਕੋਈ ਵੀ ਨੀਤੀਗਤ ਫੈਸਲਾ ਨਹੀਂ ਲੈ ਸਕੇਗੀ। 
ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਨਹੀਂ ਹੋਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਗ੍ਰਹਿ ਮੰਤਰਾਲੇ ਵਿਚਾਲੇ ਇਸ ਬਾਬਤ ਚਰਚਾ ਕੀਤੀ ਗਈ ਹੈ। 4 ਸੂਬਿਆਂ ਦੇ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਨਾਲ ਹੋਣਗੇ। ਇਨ੍ਹਾਂ ਸੂਬਿਆਂ 'ਚ ਓਡੀਸ਼ਾ, ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ।

ਪਹਿਲਾ ਪੜਾਅ— 11 ਅਪ੍ਰੈਲ 
ਦੂਜਾ ਪੜਾਅ— 18 ਅਪ੍ਰੈਲ
ਤੀਜਾ ਪੜਾਅ— 23 ਅਪ੍ਰੈਲ
ਚੌਥਾ ਪੜਾਅ— 29 ਅਪ੍ਰੈਲ
ਪੰਜਵਾਂ ਪੜਾਅ— 6 ਮਈ
ਛੇਵਾਂ ਪੜਾਅ-12 ਮਈ
ਸੱਤਵਾਂ ਪੜਾਅ- 19 ਮਈ

ਚੋਣ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ 'ਚ 13 ਸੂਬਿਆਂ ਦੀ 97 ਸੀਟਾਂ 'ਤੇ, ਤੀਜੇ ਪੜਾਅ 'ਚ 14 ਸੂਬਿਆਂ ਦੀਆਂ 115 ਸੀਟਾਂ 'ਤੇ, ਚੌਥੇ ਪੜਾਅ ਵਿਚ 9 ਸੂਬਿਆਂ ਦੀਆਂ 71 ਸੀਟਾਂ 'ਤੇ, ਪੰਜਵੇਂ ਪੜਾਅ 'ਚ 7 ਸੂਬਿਆਂ ਦੀਆਂ 51 ਸੀਟਾਂ 'ਤੇ, ਛੇਵੇਂ ਪੜਾਅ 'ਚ 7 ਸੂਬਿਆਂ 'ਚ 59 ਸੀਟਾਂ ਅਤੇ ਸੱਤਵੇਂ ਪੜਾਅ 8 ਸੂਬਿਆਂ 'ਚ 59 ਸੀਟਾਂ 'ਤੇ ਵੋਟਿੰਗ ਹੋਵੇਗੀ।


ਦੱਸਣਯੋਗ ਹੈ ਕਿ ਮੌਜੂਦਾ ਲੋਕ ਸਭਾ ਦਾ ਕਾਰਜਕਾਲ 3 ਜੂਨ ਨੂੰ ਖਤਮ ਹੋ ਰਿਹਾ ਹੈ। ਅਜਿਹੇ ਵਿਚ ਨਵੀਂ ਸਰਕਾਰ ਦਾ ਗਠਨ ਜ਼ਰੂਰੀ ਹੈ। 543 ਲੋਕ ਸਭਾ ਸੀਟਾਂ ਲਈ 17ਵੀਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਸੱਤਾ ਵਿਚ ਆਉਣ ਦੀ ਪੂਰੇ ਦਮ-ਖਮ ਨਾਲ ਕੋਸ਼ਿਸ਼ ਕਰਨਗੇ, ਤਾਂ ਦੂਜੇ ਪਾਸੇ ਭਾਜਪਾ ਵਿਰੁੱਧ ਕਈ ਸਿਆਸੀ ਦਲ ਇਕਜੁੱਟ ਹੋ ਕੇ ਮੋਦੀ ਨੂੰ ਮੁੜ ਸੱਤਾ ਵਿਚ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰਨਗੇ। ਇੱਥੇ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 'ਚ 14ਵੇਂ ਪ੍ਰਧਾਨ ਮੰਤਰੀ ਬਣੇ ਸਨ। ਇਸ ਵਾਰ ਵੀ ਮੋਦੀ ਦੀ ਹਵਾ ਚੱਲੇਗੀ ਜਾਂ ਨਹੀਂ। ਇਹ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ।

ਚੋਣ ਕਮਿਸ਼ਨਰ ਦੀ ਪ੍ਰੈੱਸ ਕਾਨਫਰੰਸ ਦੇ ਕੁਝ ਖਾਸ ਅੰਸ਼—
ਚੋਣ ਲਈ ਸਾਰੀਆਂ ਏਜੰਸੀਆਂ ਤੋਂ ਰਾਇ ਲਈ ਗਈ ਹੈ। 
17ਵੀਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।
ਚੋਣ ਵਿਚ ਹੋਣ ਵਾਲੇ ਖਰਚ 'ਤੇ ਕਮਿਸ਼ਨ ਦੀ ਵਿਸ਼ੇਸ਼ ਨਿਗਰਾਨੀ ਰਹੇਗੀ।
ਚੋਣਾਂ ਵਿਚ ਨੋਟਾਂ ਦਾ ਇਸਤੇਮਾਲ ਹੋਵੇਗਾ। 
ਈ. ਵੀ. ਐੱਮ. 'ਤੇ ਉਮੀਦਵਾਰ ਦੀ ਤਸਵੀਰ ਹੋਵੇਗੀ।
ਵੋਟਾਂ ਲਈ 10 ਲੱਖ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਚੋਣਾਂ 'ਚ 90 ਕਰੋੜ ਵੋਟਾਂ ਪਾਈਆਂ ਜਾਣਗੀਆਂ। 
ਲੋਕ ਸਭਾ ਚੋਣਾਂ ਲਈ ਹੈਲਪਲਾਈਨ ਨੰਬਰ-1950
ਇਸ ਵਾਰ 18-19 ਸਾਲ ਦੇ 1.5 ਕਰੋੜ ਵੋਟਰ।
ਚੋਣਾਂ ਦੀਆਂ ਤਰੀਕਾਂ ਵਿਚ ਪ੍ਰੀਖਿਆਵਾਂ ਦਾ ਅਸੀਂ ਧਿਆਨ ਰੱਖਿਆ ਹੈ। 
ਮੌਸਮ ਅਤੇ ਤਿਉਹਾਰਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ।
ਇਸ ਵਾਰ 8 ਕਰੋੜ 43 ਕਰੋੜ ਵੋਟਰ ਵਧੇ।
99.3 ਫੀਸਦੀ ਲੋਕਾਂ ਕੋਲ ਵੋਟਰ ਆਈਡੀ ਕਾਰਡ।
ਸਾਰੇ ਪੋਲਿੰਗ ਬੂਥ 'ਤੇ ਵੀ.ਵੀ. ਪੀ. ਏ. ਟੀ. ਯਾਨੀ ਕਿ ਵੋਟਰ ਵੈਰੀਫਾਈਡ ਪੇਪਰ ਆਡੀਟ ਟਰੇਲ  ਦਾ ਇਸਤੇਮਾਲ ਹੋਵੇਗਾ।
ਹੁਣ ਤੋਂ ਹੀ ਚੋਣ ਜ਼ਾਬਤ ਲਾਗੂ। 
ਚੋਣਾਂ ਜ਼ਾਬਤਾ ਦੀ ਉਲੰਘਣਾ ਹੋਣ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। 
ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਡ ਸਪੀਕਰ ਬੈਨ।
ਸਾਰੇ ਸੰਵੇਦਨਸ਼ੀਲ ਇਲਾਕਿਆਂ ਵਿਚ ਸੀ. ਆਰ. ਪੀ. ਐੱਫ. ਦੇ ਜਵਾਨ ਤਾਇਨਾਤ ਹੋਣਗੇ। 
ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਹੋਵੇਗੀ। 
ਚੋਣ ਕਮਿਸ਼ਨ ਨੂੰ ਸ਼ਿਕਾਇਤ ਲਈ ਐਪ ਬਣਾਇਆ ਗਿਆ ਹੈ। 
ਵੋਟਰ ਕੇਂਦਰ 'ਚ ਸੀ. ਸੀ. ਟੀ. ਵੀ. ਕੈਮਰੇ ਹੋਣਗੇ। 
ਬਿਨਾਂ ਪੈਨ ਕਾਰਡ ਦੇ ਉਮੀਦਵਾਰੀ ਰੱਦ ਹੋਵੇਗੀ। 
ਉਮੀਦਵਾਰਾਂ ਨੂੰ ਅਪਰਾਧਕ ਰਿਕਾਰਡ ਦੇਣਾ ਹੋਵੇਗਾ। 
ਉਮੀਦਵਾਰਾਂ ਨੂੰ ਸੋਸ਼ਲ ਮੀਡੀਆ ਦੀ ਜਾਣਕਾਰੀ ਦੇਣੀ ਹੋਵੇਗੀ। 
ਸੋਸ਼ਲ ਮੀਡੀਆ 'ਤੇ ਵਿਗਿਆਪਨ ਦਾ ਖਰਚ ਵੀ ਚੋਣ ਖਰਚ 'ਚ ਹੋਵੇਗਾ ਸ਼ਾਮਲ। 


Tanu

Content Editor

Related News