ਟਿੱਡਿਆਂ ਦੇ ਹਮਲੇ ਨਾਲ ਭਾਰਤ ਤੇ ਪੂਰਬੀ ਅਫਰੀਕਾ ''ਚ ਪੈਦਾ ਹੋ ਸਕਦੈ ਖੁਰਾਕ ਸੰਕਟ

Tuesday, Jul 21, 2020 - 07:45 PM (IST)

ਟਿੱਡਿਆਂ ਦੇ ਹਮਲੇ ਨਾਲ ਭਾਰਤ ਤੇ ਪੂਰਬੀ ਅਫਰੀਕਾ ''ਚ ਪੈਦਾ ਹੋ ਸਕਦੈ ਖੁਰਾਕ ਸੰਕਟ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਵਿਸ਼ਵ ਮੌਸਮ ਸੰਗਠਨ (ਡਬਲਯੂ.ਐੱਮ.ਓ.) ਨੇ ਕਿਹਾ ਹੈ ਕਿ ਟਿੱਡਿਆਂ ਦੇ ਹਮਲੇ ਪੂਰਬੀ ਅਫਰੀਕਾ, ਭਾਰਤ ਅਤੇ ਪਾਕਿਸਤਾਨ ਦੇ ਕੁਝ ਹਿੱਸਿਆਂ ਵਿਚ ਖੁਰਾਕੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰਦੇ ਹਨ। ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਏਜੰਸੀ ਨੇ ਕਿਹਾ ਹੈ ਕਿ ਜਲਵਾਯੂ ਪਰਿਵਰਤਨ ਜਿਵੇਂ ਮਾਰੂਥਲ ਦੇ ਇਲਾਕਿਆਂ ਵਿਚ ਤਾਪਮਾਨ, ਮੀਂਹ ਅਤੇ ਚੱਕਰਵਾਤੀ ਤੂਫਾਨ ਨਾਲ ਜੁੜੀਆਂ ਤੇਜ਼ ਹਵਾਵਾਂ ਕੀੜੇ-ਮਕੌੜਿਆਂ ਦੇ ਪ੍ਰਜਣਨ, ਵਿਕਾਸ ਅਤੇ ਪਰਵਾਸ ਲਈ ਇਕ ਨਵਾਂ ਵਾਤਾਵਰਣ ਪ੍ਰਦਾਨ ਕਰਦੀਆਂ ਹਨ। ਹਾਲ ਹੀ ਵਿਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਦੋ ਦਰਜਨ ਤੋਂ ਵਧੇਰੇ ਜ਼ਿਲਿਆਂ ਵਿਚ ਟਿੱਡਿਆਂ ਦੇ ਇਕ ਵੱਡੇ ਤੇ ਹਮਲਾਵਰ ਝੁੰਡ ਨੇ ਹਮਲਾ ਕੀਤਾ ਸੀ। ਜਦੋਂ ਕਿ ਇਸੇ ਸਾਲ ਫਰਵਰੀ ਵਿਚ, ਪਾਕਿਸਤਾਨ ਨੇ ਐਮਰਜੈਂਸੀ ਦਾ ਐਲਾਨ ਕਰਦਿਆਂ ਕਿਹਾ ਕਿ ਟਿੱਡਿਆਂ ਦਾ ਅਜਿਹਾ ਹਮਲਾ ਪਿਛਲੇ ਦੋ ਦਹਾਕਿਆਂ ਵਿਚ ਕਦੇ ਨਹੀਂ ਹੋਇਆ ਸੀ।

ਡਬਲਯੂ.ਐੱਮ.ਓ. ਨੇ ਨੇਚਰ ਕਲਾਈਮੇਟ ਚੇਂਜ ਦੇ ਇਕ ਲੇਖ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਰੇਗਿਸਤਾਨੀ ਟਿੱਡੇ ਪ੍ਰਾਚੀਨ ਸਮੇਂ ਤੋਂ ਮੌਜੂਦ ਹਨ ਪਰ ਹਾਲ ਹੀ ਵਿਚ ਹੋਏ ਹਮਲੇ ਦੇ ਕਾਰਣ ਨੂੰ ਮੌਸਮ ਵਿਚ ਤਬਦੀਲੀ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਇੰਟਰ-ਗਵਰਨਮੈਂਟਲ ਅਥਾਰਟੀ ਆਨ ਕਲਾਈਮੇਟ ਪ੍ਰਡਿਕਸ਼ਨ ਐਂਡ ਏਪ੍ਰੀਲੇਕਸ਼ਨ ਸੈਂਟਰ (ਆਈ.ਸੀ.ਪੀ.ਏ.ਸੀ.) ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਦੇ ਲਈ ਕੋਈ ਇਕ ਕਾਰਣ ਜ਼ਿੰਮੇਦਾਰ ਨਹੀਂ ਹੈ ਤੇ ਗਲੋਬਲ ਵਾਰਮਿੰਗ ਨੇ ਟਿੱਡਿਆਂ ਦੇ ਵਿਕਾਸ, ਕਹਿਰ ਤੇ ਹੋਂਦ ਦੇ ਲਈ ਲੋੜੀਂਦੇ ਹਾਲਾਤਾਂ ਨੂੰ ਬਣਾਉਣ ਵਿਚ ਇਕ ਪ੍ਰਮੁੱਖ ਭੂਮਿਕਾ ਨਿਭਾਈ। ਲੇਖ ਵਿਚ ਕਿਹਾ ਗਿਆ ਹੈ ਕਿ ਟਿੱਡਿਆਂ ਦੇ ਵਧਦੇ ਕਹਿਰ ਪਿੱਛੇ ਹਿੰਦ ਮਹਾਸਾਗਰ ਦਾ ਗਰਮ ਹੋਣਾ, ਤੇਜ਼ ਤੇ ਅਸਧਾਰਣ ਚੱਤਰਵਾਤਾਂ ਦੀ ਭੂਮਿਕਾ ਤੇ ਭਾਰੀ ਮੀਂਹ ਤੇ ਹੜ੍ਹ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਰਾਜਸਥਾਨ 'ਚ ਟਿੱਡਿਆਂ ਦੇ ਕਈ ਝੁੰਡ ਮੌਜੂਦ
ਵਿਸ਼ਵ ਖੁਰਾਕ ਸੰਗਠਨ (ਐੱਫ.ਏ.ਓ.) ਨੇ ਕਿਹਾ ਕਿ ਉੱਤਰੀ ਸੋਮਾਲੀਆ ਵਿਚ ਰੇਗਿਸਤਾਨੀ ਟਿੱਡਿਆਂ 'ਤੇ ਕੀਤੀ ਗਈ ਇਕ ਨਵੀਂ ਰਿਪੋਰਟ ਦੱਸਦੀ ਹੈ ਕਿ ਗਰਮੀਆਂ ਵਿਚ ਪ੍ਰਜਣਨ ਦੇ ਲਈ ਇਹ ਟਿੱਡੇ ਹਿੰਦ ਮਹਾਸਾਗਰ ਵਿਚ ਆ ਸਕਦੇ ਹਨ। ਰਿਪੋਰਟ ਵਿਚ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵਾਂ ਕਿਨਾਰਿਆਂ 'ਤੇ ਗਰਮੀਆਂ ਦਾ ਪ੍ਰਜਣਨ ਸ਼ੁਰੂ ਹੋ ਗਿਆ ਹੈ। ਰਾਜਸਥਾਨ ਵਿਚ ਤਾਂ ਕਈ ਝੁੰਡ ਮੌਜੂਦ ਵੀ ਹਨ। ਐੱਫ.ਏ.ਓ. ਰੇਗਿਸਤਾਨੀ ਟਿੱਡਿਆਂ ਦੀ ਨਿਗਰਾਨੀ ਤੇ ਕੰਟਰੋਲ ਕਰਨ ਵਾਲੀ ਪ੍ਰਮੁੱਖ ਏਜੰਸੀ ਹੈ ਤੇ ਰੇਗਿਸਤਾਨੀ ਟਿੱਡੀ ਸੂਚਨਾ ਸੇਵਾ ਦਾ ਸੰਚਾਲਨ ਕਰਦੀ ਹੈ। 


author

Baljit Singh

Content Editor

Related News