ਸਿੱਖ ਕੁੜੀਆਂ ਨਾਲ ਹੋ ਰਹੇ ਅੱਤਿਆਚਾਰਾਂ ਵਿਰੁੱਧ ਜੰਮੂ ਕਸ਼ਮੀਰ ''ਚ ਵੀ ਬਣੇ ਕਾਨੂੰਨ : ਆਰ. ਪੀ. ਸਿੰਘ
Monday, Jun 28, 2021 - 11:18 AM (IST)
ਨਵੀਂ ਦਿੱਲੀ- ਜੰਮੂ ਕਸ਼ਮੀਰ 'ਚ ਸਿੱਖ ਕੁੜੀਆਂ ਨਾਲ ਹੋ ਰਹੇ ਅੱਤਿਆਚਾਰਾਂ ਕਾਰਨ ਪੰਜਾਬ ਭਰ ਦੀਆਂ ਸਿੱਖ ਸੰਗਤਾਂ ਦੇ ਨਾਲ-ਨਾਲ ਦੇਸ਼-ਵਿਦੇਸ਼ 'ਚ ਰਹਿਣ ਵਾਲੇ ਅਤੇ ਸਿੱਖ ਧਰਮ ਨਾਲ ਪਿਆਰ ਕਰਨ ਵਾਲੇ ਲੋਕਾਂ 'ਚ ਵੀ ਰੋਸ ਦੀ ਲਹਿਰ ਹੈ। ਜਿਸ ਨੂੰ ਦੇਖਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੂੰ ਜੰਮੂ ਕਸ਼ਮੀਰ 'ਚ ਲਵ ਜੇਹਾਦ ਵਿਰੁੱਧ ਇਕ ਮੰਗ ਪੱਤਰ ਜਾਰੀ ਕੀਤਾ ਸੀ। ਜਿਸ 'ਚ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਾਂਗ ਜੰਮੂ ਕਸ਼ਮੀਰ 'ਚ ਸਿੱਖ ਘੱਟ ਗਿਣਤੀ ਕੁੜੀਆਂ ਦੀ ਸੁਰੱਖਿਆਲਈ ਜ਼ਬਰਦਸਤੀ ਧਰਮ ਪਰਿਵਰਤਨ ਵਿਰੁੱਧ ਅੰਤਰ-ਧਰਮ ਵਿਆਹ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ।
ਇਸ ਮੰਗ ਪੱਤਰ ਨੂੰ ਭਾਜਪਾ ਨੇਤਾ ਆਰ.ਪੀ. ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ,''ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਜ਼ਬਰਨ ਧਰਮ ਪਰਿਵਰਤਨ ਵਿਰੁੱਧ ਇਕ ਅੰਤਰਧਾਰਮਿਕ ਵਿਆਹ ਕਾਨੂੰਨ ਹੈ। ਅਸੀਂ ਚਾਹੁੰਦੇ ਹਾਂ ਕਿ ਸਿੱਖ ਘੱਟ ਗਿਣਤੀ ਕੁੜੀਆਂ ਦੀ ਸੁਰੱਖਿਆ ਲਈ ਜੰਮੂ ਕਸ਼ਮੀਰ 'ਚ ਵੀ ਇਹੀ ਕਾਨੂੰਨ ਲਾਗੂ ਕੀਤਾ ਜਾਵੇ।'' ਦੱਸਣਯੋਗ ਹੈ ਕਿ ਜੰਮੂ ਕਸ਼ਮੀਰ 'ਚ ਪਿਛਲੇ ਇਕ ਮਹੀਨੇ ਤੋਂ 4 ਸਿੱਖ ਪਰਿਵਾਰਾਂ ਨਾਲ ਸੰਬੰਧਤ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧੱਕੇ ਨਾਲ ਧਰਮ ਤਬਦੀਲ ਕੀਤਾ ਗਿਆ, ਜੋ ਕਿ ਮੰਦਭਾਗਾ ਹੈ।