ਜੰਮੂ: ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਬਣੀ ਅਧਿਆਪਕਾ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ
Wednesday, Jun 01, 2022 - 01:46 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਅੱਤਵਾਦੀਆਂ ਨੇ ਸਕੂਲ ’ਚ ਦਾਖ਼ਲ ਹੋ ਕੇ 36 ਸਾਲਾ ਹਿੰਦੂ ਅਧਿਆਪਕਾ ਰਜਨੀ ਬਾਲਾ ਦਾ ਕਤਲ ਕਰ ਦਿੱਤਾ। ਮ੍ਰਿਤਕ ਰਜਨੀ ਦਾ ਅੱਜ ਸਵੇਰੇ 11 ਵਜੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਰਜਨੀ ਜੰਮੂ ਦੇ ਸਾਂਬਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਤੇ ਉਹ ਕੁਲਗਾਮ ਦੇ ਗੋਪਾਲਪੋਰਾ ਦੇ ਇਕ ਸਰਕਾਰੀ ਸਕੂਲ ਵਿਚ ਤਾਇਨਾਤ ਸੀ।
ਕਸ਼ਮੀਰ ’ਚ ਮਈ ਮਹੀਨੇ ਵਿਚ ਇਹ 7ਵਾਂ ਕਤਲ ਹੈ। ਅੱਤਵਾਦੀਆਂ ਨੇ ਇਸ ਮਹੀਨੇ 'ਚ ਦੂਜੀ ਵਾਰ ਗੈਰ-ਮੁਸਲਿਮ ਸਰਕਾਰੀ ਕਰਮਚਾਰੀ ਨੂੰ ਨਿਸ਼ਾਨਾ ਬਣਾਇਆ ਹੈ। ਰਜਨੀ ਦੀ ਮੌਤ ਤੋਂ ਬਾਅਦ ਉਸ ਦੇ ਪਤੀ ਨੇ ਮੁੱਖ ਸਿੱਖਿਆ ਅਧਿਕਾਰੀ 'ਤੇ ਕੁਲਗਾਮ ਜ਼ਿਲ੍ਹੇ ਤੋਂ ਆਪਣੀ ਪਤਨੀ ਦੇ ਤਬਾਦਲੇ 'ਚ ਦੇਰੀ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਰਜਨੀ ਨੇ 4 ਵਾਰ ਸੀ. ਈ. ਓ. ਨੂੰ ਤਬਾਦਲੇ ਦੀ ਅਪੀਲ ਕੀਤੀ ਸੀ ਪਰ ਸੀ.ਈ.ਓ. ਨੇ ਉਸ ਦੀ ਬੇਨਤੀ ਨੂੰ ਕੋਈ ਤਰਜੀਹ ਨਹੀਂ ਦਿੱਤੀ।
ਰਜਨੀ ਦੀ ਮੌਤ ਤੋਂ ਬਾਅਦ ਕਸ਼ਮੀਰੀ ਪੰਡਤਾਂ 'ਚ ਗੁੱਸਾ ਵਧ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ 24 ਘੰਟਿਆਂ 'ਚ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਨਾ ਪਹੁੰਚਾਇਆ ਗਿਆ ਤਾਂ ਘਾਟੀ ਤੋਂ ਵੱਡੇ ਪੱਧਰ 'ਤੇ ਪਲਾਇਨ ਕੀਤਾ ਜਾਵੇਗਾ। ਸੈਂਕੜੇ ਕਸ਼ਮੀਰੀ ਪੰਡਤਾਂ ਨੇ ਆਪਣੇ ਮੁੜ ਵਸੇਬੇ ਦੀ ਮੰਗ ਨੂੰ ਲੈ ਕੇ ਕੁਲਗਾਮ ਅਤੇ ਸ਼੍ਰੀਨਗਰ ਹਾਈਵੇਅ ਨੂੰ ਜਾਮ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਉਪ ਰਾਜਪਾਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।
ਦਰਅਸਲ ਕੇਂਦਰ ਸਰਕਾਰ ਨੇ 6 ਅਪ੍ਰੈਲ ਨੂੰ ਸੰਸਦ ਨੂੰ ਸੂਚਿਤ ਕੀਤਾ ਸੀ ਕਿ 2021 ਵਿਚ ਕਸ਼ਮੀਰ ਵਿਚ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ ਕਤਲ ਆਪਣੇ ਸਿਖਰ 'ਤੇ ਸੀ। 2019 ਤੋਂ ਲੈ ਕੇ ਹੁਣ ਤੱਕ 14 ਹਿੰਦੂਆਂ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ, ਜਿਨ੍ਹਾਂ ਵਿਚ 4 ਕਸ਼ਮੀਰੀ ਪੰਡਤ ਸਨ। ਸਾਰੇ ਕਤਲ ਅਨੰਤਨਾਗ, ਸ਼੍ਰੀਨਗਰ, ਪੁਲਵਾਮਾ ਅਤੇ ਕੁਲਗਾਮ ਜ਼ਿਲ੍ਹਿਆਂ ਵਿਚ ਦਰਜ ਕੀਤੇ ਗਏ ਸਨ।