13 ਤੋਂ 22 ਅਕਤੂਬਰ ਤੱਕ ਕਈ ਟਰੇਨਾਂ ਰੱਦ, ਓਡੀਸ਼ਾ ''ਚ ਲੈਂਡਸਲਾਈਡ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ
Tuesday, Oct 13, 2026 - 08:12 PM (IST)
ਭੁਵਨੇਸ਼ਵਰ : ਓਡੀਸ਼ਾ ਦੇ ਰਾਏਗੜ੍ਹਾ ਰੇਲ ਮੰਡਲ ਵਿੱਚ ਮਾਲੀਗੁੜਾ ਅਤੇ ਛੱਤਰਪੁਟ ਰੇਲਵੇ ਸਟੇਸ਼ਨਾਂ ਵਿਚਕਾਰ ਜ਼ਮੀਨ ਖਿਸਕਣ ਕਾਰਨ ਰੇਲ ਆਵਾਜਾਈ 'ਤੇ ਭਾਰੀ ਅਸਰ ਪਿਆ ਹੈ। ਈਸਟ ਕੋਸਟ ਰੇਲਵੇ ਦੁਆਰਾ 13 ਅਕਤੂਬਰ ਤੋਂ 22 ਅਕਤੂਬਰ ਤੱਕ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ ਕਈ ਟਰੇਨਾਂ ਦੇ ਰੂਟਾਂ ਅਤੇ ਸ਼ੁਰੂਆਤੀ ਸਟੇਸ਼ਨਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਬਦਲਾਅ ਨਾਲ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰੇਲਵੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਜਗਦਲਪੁਰ, ਕਿਰੰਦੁਲ, ਵਿਸ਼ਾਖਾਪੱਟਨਮ, ਰਾਉਰਕੇਲਾ, ਹਾਵੜਾ ਅਤੇ ਭੁਵਨੇਸ਼ਵਰ ਵਿਚਕਾਰ ਚੱਲਣ ਵਾਲੀਆਂ ਕਈ ਪ੍ਰਮੁੱਖ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਟਰੇਨ ਨੰਬਰ 18516 (ਕਿਰੰਦੁਲ-ਵਿਸ਼ਾਖਾਪੱਟਨਮ ਐਕਸਪ੍ਰੈਸ), 18515 (ਵਿਸ਼ਾਖਾਪੱਟਨਮ-ਕਿਰੰਦੁਲ ਐਕਸਪ੍ਰੈਸ) ਅਤੇ 18107 (ਰਾਉਰਕੇਲਾ-ਜਗਦਲਪੁਰ ਐਕਸਪ੍ਰੈਸ) 20 ਅਕਤੂਬਰ ਤੱਕ ਰੱਦ ਰਹਿਣਗੀਆਂ। ਇਸ ਤੋਂ ਇਲਾਵਾ ਟਰੇਨ ਨੰਬਰ 18108 (ਜਗਦਲਪੁਰ-ਰਾਉਰਕੇਲਾ ਐਕਸਪ੍ਰੈਸ) 14 ਅਕਤੂਬਰ ਤੋਂ 21 ਅਕਤੂਬਰ ਤੱਕ ਰੱਦ ਕੀਤੀ ਗਈ ਹੈ।
ਜ਼ਮੀਨ ਖਿਸਕਣ ਕਾਰਨ ਕੁਝ ਟਰੇਨਾਂ ਨੂੰ ਜਗਦਲਪੁਰ ਅਤੇ ਕਿਰੰਦੁਲ ਦੀ ਬਜਾਏ ਕੋਰਾਪੁਟ ਸਟੇਸ਼ਨ ਤੱਕ ਹੀ ਚਲਾਉਣ (ਸ਼ਾਰਟ ਟਰਮੀਨੇਟ) ਦਾ ਫੈਸਲਾ ਕੀਤਾ ਗਿਆ ਹੈ। ਹਾਵੜਾ-ਜਗਦਲਪੁਰ ਐਕਸਪ੍ਰੈਸ (18005), ਭੁਵਨੇਸ਼ਵਰ-ਜਗਦਲਪੁਰ ਹੀਰਾਖੰਡ ਐਕਸਪ੍ਰੈਸ (18447) ਅਤੇ ਵਿਸ਼ਾਖਾਪੱਟਨਮ-ਕਿਰੰਦੁਲ ਪੈਸੰਜਰ (58501) 20 ਅਕਤੂਬਰ ਤੱਕ ਕੋਰਾਪੁਟ 'ਚ ਹੀ ਆਪਣੀ ਯਾਤਰਾ ਸਮਾਪਤ ਕਰਨਗੀਆਂ। ਇਸੇ ਤਰ੍ਹਾਂ ਜਗਦਲਪੁਰ-ਹਾਵੜਾ ਐਕਸਪ੍ਰੈਸ (18006) 15 ਤੋਂ 22 ਅਕਤੂਬਰ ਤੱਕ, ਜਗਦਲਪੁਰ-ਭੁਵਨੇਸ਼ਵਰ ਹੀਰਾਖੰਡ ਐਕਸਪ੍ਰੈਸ (18448) 14 ਤੋਂ 21 ਅਕਤੂਬਰ ਤੱਕ ਅਤੇ ਕਿਰੰਦੁਲ-ਵਿਸ਼ਾਖਾਪੱਟਨਮ ਪੈਸੰਜਰ (58502) 20 ਅਕਤੂਬਰ ਤੱਕ ਜਗਦਲਪੁਰ ਜਾਂ ਕਿਰੰਦੁਲ ਦੀ ਬਜਾਏ ਕੋਰਾਪੁਟ ਸਟੇਸ਼ਨ ਤੋਂ ਹੀ ਆਪਣੀ ਯਾਤਰਾ ਸ਼ੁਰੂ ਕਰਨਗੀਆਂ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਟਰੇਨ ਦੀ ਮੌਜੂਦਾ ਸਥਿਤੀ (ਲਾਈਵ ਸਟੇਟਸ) ਦੀ ਜਾਂਚ ਜ਼ਰੂਰ ਕਰ ਲੈਣ।
