ਮੋਰ ਪਾਲਣ ਦੇ ਮਾਮਲੇ ''ਚ ਵਧ ਸਕਦੀਆਂ ਹਨ ਲਾਲੂ ਪ੍ਰਸਾਦ ਦੀਆਂ ਮੁਸੀਬਤਾਂ
Sunday, Nov 12, 2017 - 11:30 AM (IST)

ਪਟਨਾ— ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨਹੀਂ ਮੁਸੀਬਤ 'ਚ ਘਿਰਦੇ ਨਜ਼ਰ ਆ ਰਹੇ ਹਨ। ਇਹ ਨਵੀਂ ਪਰੇਸ਼ਾਨੀ ਹੈ, ਉਨ੍ਹਾਂ ਦੇ ਘਰ 'ਚ ਪਲੇ 10 ਮੋਰ। ਕਾਨੂੰਨਨ ਮੋਰ ਨੂੰ ਘਰ 'ਚ ਕੋਈ ਨਹੀਂ ਪਾਲ ਸਕਦਾ ਅਤੇ ਲਾਲੂ ਪ੍ਰਸਾਦ ਯਾਦਵ ਦੇ ਸਰਕਾਰੀ ਘਰ 'ਚ 10 ਮੋਰ ਪਲੇ ਹਨ। ਮੋਰ ਰਾਸ਼ਟਰੀ ਪੰਛੀ ਹੈ। ਇਹ ਪੰਛੀ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ-1972 ਦੇ ਅਧੀਨ ਸ਼ੈਡਿਊਲ-1 'ਚ ਹੈ। ਕਾਨੂੰਨਨ ਜਿਸ ਦੇ ਕੋਲ ਹੀ ਇਹ ਪੰਛੀ ਹੁੰਦਾ ਹੈ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਅਜਿਹੇ ਵਿਅਕਤੀ ਨੂੰ 7 ਸਾਲ ਤੱਕ ਦੀ ਸਜ਼ਾ ਜਾਂ 25 ਹਜ਼ਾਰ ਰੁਪਏ ਜ਼ੁਰਮਾਨਾ ਜਾਂ ਫਿਰ ਦੋਵੇਂ ਹੀ ਹੋ ਸਕਦੇ ਹਨ।
ਸੂਤਰਾਂ ਅਨੁਸਾਰ ਤਾਂ ਪਟਨਾ ਸਥਿਤ ਲਾਲੂ ਦੇ ਸਰਕਾਰੀ ਘਰ ਸਰਕੁਲਰ ਰੋਡ 'ਚ ਇਕ ਮੋਰ ਅਤੇ ਮੋਰਨੀ ਕੁਝ ਸਾਲ ਪਹਿਲਾਂ ਲਿਆਂਦੇ ਗਏ ਸਨ। ਵਿਵਾਦ ਵਧਣ 'ਤੇ ਲਾਲੂ ਨੇ ਕਿਹਾ ਸੀ ਕਿ ਮੋਰ ਅਤੇ ਮੋਰਨੀ ਨੂੰ ਕੁਝ ਮਹੀਨੇ ਬਾਅਦ ਹੀ ਛੱਡ ਦਿੱਤਾ ਗਿਆ ਸੀ ਪਰ ਇਹ ਮੋਰ ਵਾਪਸ ਆ ਗਏ। ਉਸ ਤੋਂ ਬਾਅਦ 8 ਪੰਛੀਆਂ ਦਾ ਜਨਮ ਹੋਇਆ, ਜੋ ਹੁਣ ਤਿੰਨ ਜਾਂ ਚਾਰ ਮਹੀਨੇ ਦੇ ਹਨ। ਉਹ ਖੁਦ ਇੱਥੇ ਰਹਿ ਰਹੇ ਹਨ। ਇਹ ਮੋਰ ਕੰਪਲੈਕਸ 'ਚ ਲੱਗੇ ਦਰੱਖਤਾਂ 'ਤੇ ਸੌਂਦੇ ਹਨ। ਭਾਰਤੀ ਪੰਛੀ ਸੁਰੱਖਿਆ ਨੈਟਵਰਕ ਦੇ ਰਾਜ ਕਾਰਡੀਨੇਟਰ ਅਰਵਿੰਦ ਮਿਸ਼ਰਾ ਨੇ ਦੱਸਿਆ ਕਿ ਜੇਕਰ ਲਾਲੂ ਪ੍ਰਸਾਦ ਯਾਦਵ ਮੋਰ-ਮੋਰਨੀ ਦੇ ਜੋੜੇ ਨੂੰ ਗੈਰ-ਕਾਨੂੰਨੀ ਢੰਗ ਨਾਲ ਲਿਆਏ ਸਨ ਤਾਂ ਉਨ੍ਹਾਂ ਦਾ ਪਰਿਵਾਰ ਮੁਸੀਬਤ 'ਚ ਪੈ ਸਕਦਾ ਹੈ। ਮੋਰਾਂ ਦੀ ਤਸਕਰੀ ਅਪਰਾਧ ਹੈ। ਵਾਈਲਡ ਲਾਈਫ ਮਾਹਰਾਂ ਅਨੁਸਾਰ ਤਾਂ ਚਿੜੀਆਘਰਾਂ 'ਚ ਜੋ ਮੋਰ ਰੱਖੇ ਜਾਂਦੇ ਹਨ, ਉਨ੍ਹਾਂ ਲਈ ਵੀ ਸਟੇਟ ਚੀਫ ਵਾਈਲਡ ਲਾਈਫ ਵਾਰਡਨ ਦੀ ਮਨਜ਼ੂਰੀ ਜ਼ਰੂਰੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬਿਹਾਰ ਦੇ ਚੀਫ ਵਾਈਲਡ ਲਾਈਫ ਵਾਰਡਨ ਭਰਤ ਜੋਤੀ ਨੂੰ ਯਾਦ ਨਹੀਂ ਹੈ ਕਿ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਨੇ ਮੋਰਾਂ ਨੂੰ ਪਾਲਣ ਦੀ ਮਨਜ਼ੂਰੀ ਲਈ ਸੀ ਜਾਂ ਨਹੀਂ।