ਲਾਲੂ ਦਾ ਆਫਰ : ਬਸਪਾ ਸੁਪਰੀਮੋ ਮਾਇਆ ਮੰਨੀ ਤਾਂ ਬਦਲ ਜਾਵੇਗਾ 120 ਲੋਕ ਸਭਾ ਸੀਟਾਂ ਦਾ ਸਮੀਕਰਣ
Wednesday, Jul 19, 2017 - 12:07 AM (IST)

ਨਵੀਂ ਦਿੱਲੀ— ਬਸਪਾ ਸੁਪਰੀਮੋ ਮਾਇਆਵਤੀ ਵੱਲੋਂ ਰਾਜਸਭਾ ਤੋਂ ਅਸਤੀਫਾ ਦੇਣ ਦੇ ਕੁਝ ਘੰਟੇ ਬਾਅਦ ਹੀ ਰਾਜਦ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਮਾਇਆਵਤੀ ਨੂੰ ਰਾਜਦ ਦੇ ਕੋਟੇ ਤੋਂ ਬਿਹਾਰ ਤੋਂ ਰਾਜ ਸਭਾ ਮੈਂਬਰ ਦੀ ਪੇਸ਼ਕਸ਼ ਕੀਤੀ।
ਹਾਲਾਂਕਿ ਇਸ ਮਾਮਲੇ 'ਤੇ ਅਜੇ ਮਾਇਆਵਤੀ ਦੀ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਜੇਕਰ ਮਾਇਆਵਤੀ ਨੇ ਲਾਲੂ ਦਾ ਆਫਰ ਸਵੀਕਾਰ ਕਰ ਲਿਆ ਤਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੀ ਲੋਕ ਸਭਾ ਦੀਆਂ 120 ਸੀਟਾਂ 'ਤੇ ਸਮੀਕਰਣ ਬਦਲ ਜਾਵੇਗਾ। ਉੱਤਰ ਪ੍ਰਦੇਸ਼ 'ਚ ਲੋਕ ਸਭਾ ਦੀਆਂ 80 ਅਤੇ ਬਿਹਾਰ 'ਚ 40 ਸੀਟਾਂ ਹਨ।
ਲਾਲੂ ਨੇ ਕਿਉਂ ਕੀਤਾ ਆਫਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਸਿਆਸੀ ਲੁਕਣ-ਮਿਟੀ ਦੀ ਖੇਡ ਖੇਡ ਰਹੇ ਲਾਲੂ ਨੇ ਮਾਇਆਵਤੀ ਨੂੰ ਇਹ ਆਫਰ ਦੇ ਕੇ ਬਿਹਾਰ ਦਲਿਤ ਵੋਟਰਾਂ ਨੂੰ ਵੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਬੇਟੇ ਤੇਜਸਵੀ ਯਾਦਵ 'ਤੇ ਪਏ ਛਾਪਿਆਂ ਤੋਂ ਬਾਅਦ ਲਾਲੂ ਸਿਆਸੀ ਜਾਲ 'ਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਵੀ ਕਾਂਗਰਸ ਤੋਂ ਇਲਾਵਾ ਹੋਰ ਨੇਤਾਵਾਂ ਦੇ ਸਾਥ ਦੀ ਤਲਾਸ਼ ਹੈ। ਕਾਂਗਰਸ ਇਸ ਮਾਮਲੇ 'ਚ ਲਾਲੂ ਦੇ ਨਾਲ ਖੜ੍ਹੀ ਹੈ ਅਤੇ ਪਾਰਟੀ ਨੇ ਬਕਾਇਦਾ ਇਸ ਮਾਮਲੇ 'ਚ ਅਧਿਕਾਰਕ ਤੌਰ 'ਤੇ ਲਾਲੂ ਯਾਦਵ ਦਾ ਬਚਾਅ ਵੀ ਕੀਤਾ ਸੀ। ਅਜਿਹੇ 'ਚ ਜੇਕਰ ਮਾਇਵਤੀ ਵੀ ਲਾਲੂ ਨਾਲ ਆਉਂਦੀ ਹੈ ਤਾਂ ਇਸ ਨਾਲ ਲਾਲੂ ਨੂੰ ਮਜ਼ਬੂਤੀ ਮਿਲੇਗੀ ਲਿਹਾਜ਼ਾ ਲਾਲੂ ਇਕ ਤੀਰ ਨਾਲ ਦੋ ਨਿਸ਼ਾਨੇ ਸਾਧਣ ਦੇ ਇਰਾਦੇ ਨਾਲ ਮਾਇਆਵਤੀ ਨੂੰ ਆਫਰ ਦੇ ਰਹੇ ਹਨ।
ਬਿਹਾਰ 'ਚ ਖਾਲੀ ਹੋਣਗੀਆਂ ਛੇ ਸੀਟਾਂ
ਅਗਲੇ ਸਾਲ 2 ਅਪ੍ਰੈਲ ਨੂੰ ਬਿਹਾਰ ਤੋਂ ਰਾਜਸਭਾ ਦੀਆਂ ਛੇ ਸੀਟਾਂ ਖਾਲੀ ਹੋਣਗੀਆਂ। ਜੇਕਰ ਗਠਜੋੜ ਬਣਿਆ ਰਹਿੰਦਾ ਹੈ ਤਾਂ ਪੰਜ ਸੀਟਾਂ ਉਨ੍ਹਾਂ ਦੀਆਂ ਤਿੰਨਾਂ ਪਾਰਟੀਆਂ ਨੂੰ ਮਿਲਣਗੀਆਂ। ਰਾਜਦ ਅਤੇ ਜਦਯੂ ਨੂੰ ਦੋ-ਦੋ ਅਤੇ ਕਾਂਗਰਸ ਨੂੰ ਇਕ ਸੀਟ ਮਿਲੇਦੀ ਜਦਕਿ ਇਕ ਸੀਟ ਭਾਜਪਾ ਦੇ ਖਾਤੇ 'ਚ ਜਾਵੇਗੀ। ਲਾਲੂ ਪ੍ਰਸਾਦ ਯਾਦਵ ਨੂੰ ਰਣਨੀਤਕ ਤੌਰ 'ਤੇ ਮਾਇਆਵਤੀ ਨੂੰ ਇਕ ਸੀਟ ਦੇਣ ਦਾ ਕੋਈ ਸਿਆਸੀ ਨੁਕਸਾਨ ਨਜ਼ਰ ਨਹੀਂ ਆਉਂਦਾ।
ਬਿਹਾਰ ਵਿਧਾਨ ਸਭਾ 'ਚ ਪਾਰਟੀ ਦਾ ਦਰਜਾ
ਰਾਜਦ - 80 ਸੀਟਾਂ
ਜਦਯੂ - 71
ਭਾਜਪਾ - 53
ਕਾਂਗਰਸ - 27
ਹੋਰ - 12
ਮਾਇਆਵਤੀ ਕੋਲ 20 ਫੀਸਦੀ ਦਾ ਪੱਕਾ ਵੋਟ ਬੈਂਕ
2014 ਦੇ ਲੋਕ ਸਭਾ ਚੋਣ ਦੌਰਾਨ ਬੁਰੀ ਹਾਲਤ 'ਚ ਵੀ ਮਾਇਆਵਤੀ ਦੀ ਪਾਰਟੀ ਨੂੰ 19.77 ਫੀਸਦੀ ਵੋਟ ਹਾਸਲ ਹੋਏ ਸੀ ਜਦਕਿ ਇਸ ਸਾਲ ਹੋਏ ਵਿਧਾਨ ਸਭਾ ਚੋਣ 'ਚ ਵੀ ਬਸਪਾ ਨੂੰ 22.23 ਫੀਸਦੀ ਵੋਟ ਹਾਸਲ ਹੋਏ ਸੀ। ਮਾਇਆਵਤੀ ਦੇ ਨਾਲ-ਨਾਲ ਲਾਲੂ ਵੀ ਇਸ ਗੱਲ ਨੂੰ ਸਮਝਦੇ ਹਨ। ਉੱਤਰ ਪ੍ਰਦੇਸ਼ ਦੇ ਨਾਲ ਲਗਦੇ ਬਿਹਾਰ ਦੇ ਕੁਝ ਇਲਾਕਿਆਂ ਦੇ ਦਲਿਤਾਂ 'ਚ ਵੀ ਮਾਇਆਵਤੀ ਦਾ ਪ੍ਰਭਾਵ ਹੈ ਲਿਹਾਜ਼ਾ ਜੇਕਰ ਮਾਇਆਵਤੀ ਅਤੇ ਲਾਲੂ ਦੀ ਜੋੜੀ ਵੀ ਨਾਲ ਆਈ ਤਾਂ ਦੋਵਾਂ ਸੂਬਿਆਂ 'ਚ ਚੋਣਾਂ ਦੀ ਗਿਣਤੀ ਬਦਲ ਸਕਦੀ ਹੈ।