ਪੁੱਤ ਦੀ ਹਾਰ ''ਤੇ ਰੋ ਪਏ ਕੁਲਦੀਪ ਬਿਸ਼ਨੋਈ, 57 ਸਾਲ ''ਚ ਪਹਿਲੀ ਵਾਰ ਹੋਈ ਹਾਰ
Wednesday, Oct 09, 2024 - 04:08 PM (IST)
ਹਰਿਆਣਾ- ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਆ ਬਿਸ਼ਨੋਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਵਿਆ ਭਾਜਪਾ ਦੀ ਟਿਕਟ 'ਤੇ ਚੋਣ ਮੈਦਾਨ 'ਚ ਉਤਰੇ ਸਨ। ਨਤੀਜਿਆਂ ਤੋਂ ਬਾਅਦ ਕੁਲਦੀਪ ਬਿਸ਼ਨੋਈ ਜਦੋਂ ਆਪਣੇ ਸਮਰਥਕਾਂ ਵਿਚਕਾਰ ਪਹੁੰਚੇ ਤਾਂ ਉਹ ਆਪਣੇ ਹੰਝੂਆਂ 'ਤੇ ਕਾਬੂ ਨਾ ਰੱਖ ਸਕੇ।
ਭਜਨ ਲਾਲ ਪਰਿਵਾਰ 57 ਸਾਲਾਂ ਬਾਅਦ ਹਾਰਿਆ
ਦੱਸ ਦੇਈਏ ਕਿ ਭਜਨ ਲਾਲ ਪਰਿਵਾਰ 57 ਸਾਲ ਬਾਅਦ ਹਰਿਆਣਾ ਦੀ ਆਦਮਪੁਰ ਸੀਟ ਹਾਰ ਗਿਆ ਹੈ। ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਬਿਸ਼ਨੋਈ ਭਾਵੁਕ ਹੋ ਗਏ ਅਤੇ ਰੋਣ ਲੱਗ ਪਏ। ਇਸ ਤੋਂ ਬਾਅਦ ਸਮਰਥਕਾਂ ਨੇ ਕਿਹਾ ਕਿ ਆਦਮਪੁਰ ਦੇ ਲੋਕ ਤੁਹਾਡੇ ਨਾਲ ਹਨ। ਕੁਲਦੀਪ ਬਿਸ਼ਨੋਈ ਨੂੰ ਰੋਂਦੇ ਦੇਖ ਕੇ ਸਮਰਥਕਾਂ ਨੇ ਚੌਧਰੀ ਭਜਨ ਲਾਲ ਅਮਰ ਰਹੇ ਦੇ ਨਾਅਰੇ ਲਾਏ। ਪੁੱਤਰ ਭਵਿਆ ਬਿਸ਼ਨੋਈ ਨੇ ਕੁਲਦੀਪ ਬਿਸ਼ਨੋਈ ਨੂੰ ਦਿਲਾਸਾ ਦਿੱਤਾ।
ਚੌਧਰੀ ਭਜਨ ਲਾਲ ਨੇ 1967 'ਚ ਪਹਿਲੀ ਵਾਰ ਜਿੱਤੀ ਸੀ ਆਦਮਪੁਰ ਸੀਟ
ਜ਼ਿਕਰਯੋਗ ਹੈ ਕਿ ਚੌਧਰੀ ਭਜਨਲਾਲ ਨੇ 1967 'ਚ ਪਹਿਲੀ ਵਾਰ ਆਦਮਪੁਰ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਸੀਟ 'ਤੇ ਭਜਨ ਲਾਲ ਪਰਿਵਾਰ ਦੇ ਉਮੀਦਵਾਰ ਚੋਣ ਲੜਦੇ ਅਤੇ ਜਿੱਤਦੇ ਆ ਰਹੇ ਹਨ। ਇਸ ਵਾਰ ਇਕ ਸਾਬਕਾ IAS ਅਧਿਕਾਰੀ ਨੇ ਇਸ ਅਭੇਦ ਕਿਲ੍ਹੇ ਨੂੰ ਢਾਹ ਦਿੱਤਾ ਹੈ। ਹਾਰ ਤੋਂ ਬਾਅਦ ਕੁਲਦੀਪ ਬਿਸ਼ਨੋਈ ਭਾਵੁਕ ਨਜ਼ਰ ਆਏ ਅਤੇ ਸਮਰਥਕਾਂ ਨੂੰ ਸੰਬੋਧਨ ਨਾ ਕਰ ਸਕੇ ਅਤੇ ਮਾਈਕ ਹੱਥ ਵਿਚ ਫੜ ਕੇ ਰੋ ਪਏ ਅਤੇ ਆਪਣੇ ਹੰਝੂ ਪੂੰਝਦੇ ਹੋਏ ਮਾਈਕ ਫੜ ਕੇ ਬੈਠ ਗਏ।