''ਜਬਰ-ਜ਼ਨਾਹੀਆਂ ਨੂੰ ਬਣਾ ਦਿੱਤਾ ਜਾਵੇ ਨਪੁੰਸਕ''
Thursday, Sep 05, 2024 - 10:27 AM (IST)
ਨਵੀਂ ਦਿੱਲੀ- ਕੋਲਕਾਤਾ ’ਚ ਇਕ ਮਹਿਲਾ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਦੇਸ਼ ਵਿਚ ਉਬਾਲ ਹੈ। ਔਰਤਾਂ ਖਿਲਾਫ਼ ਜਿਨਸੀ ਸ਼ੋਸ਼ਣ ਨੂੰ ਲੈ ਕੇ ਦੇਸ਼ ’ਚ ਤਿੱਖੀ ਬਹਿਸ ਛਿੜੀ ਹੋਈ ਹੈ। ਸਿਆਸੀ ਘਮਾਸਾਨ ਵੀ ਇਸ ਮੁੱਦੇ ਨੂੰ ਲੈ ਕੇ ਜਾਰੀ ਹੈ। ਇਸ ਦਰਮਿਆਨ ਜਨਤਾ ਦਲ (ਯੂ) ਦੇ ਆਗੂ ਕੇ. ਸੀ. ਤਿਆਗੀ ਨੇ ਸਜ਼ਾ ਵਜੋਂ ਜਬਰ-ਜ਼ਨਾਹੀਆਂ ਨੂੰ ਨਪੁੰਸਕ ਬਣਾਉਣ ਦਾ ਸੁਝਾਅ ਦਿੱਤਾ ਹੈ।
ਤਿਆਗੀ ਨੇ ਜਬਰ-ਜ਼ਨਾਹ ਦੇ ਮਾਮਲੇ ’ਚ ਇਕ ਮਹੀਨੇ ਅੰਦਰ ਨਿਆਂ ਦੀ ਮੰਗ ਵੀ ਕੀਤੀ। ਤਿਆਗੀ ਨੇ ਇਹ ਵੀ ਕਿਹਾ ਕਿ ਜਬਰ-ਜ਼ਨਾਹੀਆਂ ਨੂੰ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ‘ਮਰਦ’ ਹੀ ਨਾ ਰਹਿਣ। ਉਨ੍ਹਾਂ ਦੀ ਮਰਦਾਨਗੀ ਖਤਮ ਕਰ ਦੇਣੀ ਚਾਹੀਦੀ ਹੈ। ਪੱਛਮੀ ਬੰਗਾਲ ਵਿਚ ਹੋਏ ਇਸ ਘਿਨੌਣੇ ਅਪਰਾਧ ਅਤੇ ਉਸ ਤੋਂ ਬਾਅਦ ਦੇਸ਼ ਭਰ ਵਿਚ ਜਨਤਾ ਦੇ ਗੁੱਸੇ ਬਾਰੇ ਪੁੱਛੇ ਜਾਣ 'ਤੇ ਕੇ. ਸੀ. ਤਿਆਗੀ ਨੇ ਕਿਹਾ ਕਿ ਇਕ ਸਮਾਜਵਾਦੀ ਦੇ ਰੂਪ ਵਿਚ ਉਨ੍ਹਾਂ ਦਾ ਮੰਨਣਾ ਹੈ ਕਿ ਔਰਤਾਂ ਦੀ ਇੱਛਾ ਖਿਲਾਫ਼ ਕੰਮ ਕਰਨ ਨਾਲ ਵੱਡਾ ਕੋਈ ਅੱਤਿਆਚਾਰ ਹੋ ਹੀ ਨਹੀਂ ਸਕਦਾ। ਜਬਰ-ਜ਼ਨਾਹ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਨਾਲ ਇਹ ਯਕੀਨੀ ਹੋਵੇਗਾ ਕਿ ਉਸ ਨੂੰ ਆਪਣੇ ਗੁਨਾਹ ਦੀ ਸਜ਼ਾ ਆਖਰੀ ਸਾਹ ਤੱਕ ਭੁਗਤਣੀ ਪਵੇਗੀ। ਕੋਈ ਹੋਰ ਵੀ ਅਜਿਹਾ ਅਪਰਾਧ ਕਰਨ ਦੀ ਹਿੰਮਤ ਨਹੀਂ ਕਰੇਗਾ। ਉਨ੍ਹਾਂ ਨੇ ਇਸ ਮੰਗ ਨੂੰ ਵਿਵਾਦਿਤ ਨਾ ਮੰਨ ਕੇ ਔਰਤਾਂ ਦੇ ਪੱਖ 'ਚ ਦਿੱਤਾ ਬਿਆਨ ਦੱਸਿਆ।
ਜ਼ਿਕਰਯੋਗ ਹੈ ਕਿ ਕੇ. ਸੀ. ਤਿਆਗੀ ਜਦ (ਯੂ) ਦੇ ਕੱਦਾਵਰ ਨੇਤਾ ਹਨ। ਦੇਸ਼ ਭਰ ਦੇ ਮੁੱਦਿਆਂ 'ਤੇ ਉਹ ਬੇਬਾਕ ਬੋਲਣ ਲਈ ਜਾਣੇ ਜਾਂਦੇ ਹਨ। ਜਦ (ਯੂ) ਦੇ ਰਾਸ਼ਟਰੀ ਬੁਲਾਰੇ ਦੇ ਅਹੁਦੇ 'ਤੇ ਕੇ. ਸੀ. ਤਿਆਗੀ ਲੰਬੇ ਸਮੇਂ ਤੱਕ ਰਹੇ। ਹਾਲ ਹੀ 'ਚ ਜਦ (ਯੂ) ਵਿਚ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ ਅਤੇ ਕੇ. ਸੀ. ਤਿਆਗੀ ਨੇ ਰਾਸ਼ਟਰੀ ਬੁਲਾਰੇ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।