ਹਿਸਾਰ: ਖੇਦੜ ਪਾਵਰ ਪਲਾਂਟ ਦੀ ਰੇਲ ਲਾਈਨ ਉਖਾੜੀ, ‘ਸਿੱਖ ਫਾਰ ਜਸਟਿਸ’ ਨੇ ਵੀਡੀਓ ਜਾਰੀ ਕਰਕੇ ਲਈ ਜ਼ਿੰਮੇਵਾਰੀ
Saturday, Jul 16, 2022 - 06:22 PM (IST)

ਹਿਸਾਰ– ਹਿਸਾਰ ਦੇ ਬਰਵਾਲਾ ’ਚ ਖੇਦੜ ਥਰਮਲ ਪਾਵਰ ਪਲਾਂਟ ਨੇੜੇ ਥਰਮਲ ’ਚ ਜਾਣ ਵਾਲੀ ਰੇਲਵੇ ਲਾਈਨ ਨੂੰ ਅਣਪਛਾਤੇ ਲੋਕਾਂ ਨੇ ਉਖਾੜ ਦਿੱਤਾ। ਇਸ ਲਾਈਨ ਦੀ ਵਰਤੋਂ ਥਰਮਲ ’ਚ ਕੋਲਾ ਭੇਜਣ ਲਈ ਕੀਤੀ ਜਾਂਦੀ ਹੈ। ਇਸ ਪਟੜੀ ਨੂੰ ਉਖਾੜਨ ਦੀ ਜ਼ਿੰਮੇਵਾਰੀ ‘ਸਿੱਖ ਫਾਰ ਜਸਟਿਸ’ ਨੇ ਲਈ ਹੈ। ਉਨ੍ਹਾਂ ਇਸਦੀ ਇਕ ਵੀਡੀਓ ਵੀ ਜਾਰੀ ਕੀਤੀ ਹੈ।
ਜਾਣਕਾਰੀ ਤੋਂ ਬਾਅਦ ਐੱਸ.ਪੀ. ਲੋਕੇਂਦਰ ਸਿੰਘ, ਡੀ.ਸੀ. ਡਾ. ਪ੍ਰਿਯੰਕਾ ਸੋਨੀ ਮੌਕੇ ’ਤੇ ਪਹੁੰਚੇ। ਪਟੜੀ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਖੇਦੜ ਪਾਵਰ ਪਲਾਂਟ ’ਚ ਕੋਲੇ ਦੀਆਂ ਗੱਡੀਆਂ ਵੱਖ-ਵੱਖ ਸਮੇਂ ’ਤੇ ਆਉਂਦੀਆਂ ਰਹਿੰਦੀਆਂ ਹਨ। ਸ਼ੁੱਕਰਵਾਰ ਸ਼ਾਮ ਨੂੰ ਇਕ ਗੱਡੀ ਕੋਲਾ ਲੈ ਕੇ ਅੰਦਰ ਗਈ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ 4 ਵਜੇ ਦੂਜੀ ਗੱਡੀ ਪਹੁੰਚੀ। ਸਵੇਰੇ ਕਰੀਬ 6 ਤੋਂ 7 ਵਜੇ ਦੇ ਵਿਚਕਾਰ ‘ਸਿੱਖ ਫਾਰ ਜਸਟਿਸ’ ਨੇ ਇਕ ਵੀਡੀਓ ਵਾਇਰਲ ਕੀਤੀ ਜਿਸ ਵਿਚ ਉਨ੍ਹਾਂ ਖੇਦੜ ਥਰਮਲ ਪਾਵਰ ਪਲਾਂਟ ਨੂੰ ਜਾਣ ਵਾਲੀ ਰੇਲ ਲਾਈਨ ਉਖਾੜਨ ਦਾ ਦਾਅਵਾ ਕੀਤਾ। ਜਦੋਂ ਰੇਲਵੇ ਲਾਈਨ ਦੀ ਜਾਂਚ ਕੀਤੀ ਗਈ ਤਾਂ ਕੁਝ ਕਲਿੱਪ ਨਿਕਲੇ ਹੋਏ ਪਾਏ ਗਏ।
ਸਿੱਖ ਫਾਰ ਜਸਟਿਸ ਦੇ ਨੇਤਾ ਗੁਰਪਤਵੰਤ ਪਨੂੰ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਰੇਲ ਪਟੜੀ ਉਖਾੜੇ ਜਾਣ ਦੀ ਜ਼ਿੰਮੇਵਾਰੀ ਲਈ ਹੈ। ਸਿੱਖ ਫਾਰ ਜਸਟਿਸ ਦੇ ਨੇਤਾ ਪਨੂੰ ਨੇ ਵੀਡੀਓ ’ਚ ਕਿਹਾ ਕਿ 15 ਅਗਸਤ ਨੂੰ ਪੂਰੇ ਦੇਸ਼ ਨੂੰ ਹਨ੍ਹੇਰੇ ’ਚ ਧਕੇਲ ਦਿੱਤਾ ਜਾਵੇਗਾ। ਦੇਸ਼ ਦੇ ਸਾਰੇ ਥਰਮਲ ਪਾਵਰ ਪਲਾਂਟ ’ਚ ਕੋਲੇ ਦੀ ਸਪਲਾਈ ਰੋਕ ਦਿੱਤੀ ਜਾਵੇਗੀ।