ਨੂਹ ਹਿੰਸਾ ''ਤੇ CM ਮਾਨ ਦੀ ਟਿੱਪਣੀ ''ਤੇ ਬੋਲੇ ਖੱਟੜ- ਹਰਿਆਣਾ ਸੁਰੱਖਿਅਤ ਹੈ, ਕਿਸੇ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ

Sunday, Aug 27, 2023 - 04:58 PM (IST)

ਨੂਹ ਹਿੰਸਾ ''ਤੇ CM ਮਾਨ ਦੀ ਟਿੱਪਣੀ ''ਤੇ ਬੋਲੇ ਖੱਟੜ- ਹਰਿਆਣਾ ਸੁਰੱਖਿਅਤ ਹੈ, ਕਿਸੇ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ

ਹਰਿਆਣਾ (ਭਾਸ਼ਾ)- ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਕਿਹਾ ਕਿ ਹਰਿਆਣਾ ਸੁਰੱਖਿਅਤ ਹੈ ਅਤੇ ਕਿਸੇ ਨੂੰ ਵੀ ਇਸ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ। ਇਸ ਦੇ ਇਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਭਾਜਪਾ ਸ਼ਾਸਿਤ ਮਣੀਪੁਰ ਅਤੇ ਹਰਿਆਣਾ ਦੇ ਰਾਜਪਾਲ ਉੱਥੇ ਹੀ ਕਾਨੂੰਨ ਵਿਵਸਥਾ 'ਤੇ 'ਚੁੱਪ' ਹਨ। ਮਾਨ ਨੇ ਇਹ ਟਿੱਪਣੀ ਸ਼ਨੀਵਾਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ 'ਤੇ ਰਾਜ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਧਮਕੀ ਦੇਣ ਤੋਂ ਬਾਅਦ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਦੀ ਟਿੱਪਣੀ 'ਤੇ ਇਕ ਸਵਾਲ ਦੇ ਜਵਾਬ ਦਿੰਦੇ ਹੋਏ ਸੀ.ਐੱਮ. ਖੱਟੜ ਨੇ ਐਤਵਾਰ ਨੂੰ ਕਿਹਾ,''ਹਰਿਆਣਾ ਸੁਰੱਖਿਅਤ ਹੈ ਅਤੇ ਕਿਸੇ ਨੂੰ ਇਸ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ। ਜੇਕਰ ਰਾਸ਼ਟਰਪਤੀ ਸ਼ਾਸਨ (ਲਗਾਉਣ) ਦੀ ਗੱਲ ਹੈ ਤਾਂ ਇਹ ਉੱਥੇ (ਪੰਜਾਬ) ਲਈ ਹੈ।'' ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ 'ਚ 'ਆਪ' ਸਰਕਾਰ ਡਰੱਗ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਗਰਮ ਕਦਮ ਚੁੱਕ ਰਹੀ ਹੈ, ਤਸਕਰਾਂ ਦੀ ਜਾਇਦਾਦਾਂ ਜ਼ਬਤ ਕਰ ਰਹੀ ਹੈ, ਛਾਪੇਮਾਰੀ ਕਰ ਰਹੀ ਹੈ ਅਤੇ ਐਂਟੀ-ਗੈਂਗਸਟਰ ਟਾਸਕ ਫ਼ੋਰਸ ਦੇ ਗਠਨ ਨਾਲ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਉੱਥੇ ਹੀ ਰਾਜਪਾਲ ਦਾ ਦਾਅਵਾ ਹੈ ਕਿ ਰਾਜ 'ਚ ਕਾਨੂੰਨ-ਵਿਵਸਥਾ ਸਹੀ ਨਹੀਂ ਹੈ। 

ਇਹ ਵੀ ਪੜ੍ਹੋ : ਰਾਜਪਾਲ ਵਲੋਂ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਚਿਤਾਵਨੀ ਤੋਂ ਬਾਅਦ ਮੁੱਖ ਮੰਤਰੀ ਦਾ ਠੋਕਵਾਂ ਜਵਾਬ

ਸੀ.ਐੱਮ. ਮਾਨ ਨੇ ਕਿਹਾ ਸੀ,''ਮੈਂ ਗਵਰਨਰ ਸਾਹਿਬ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਹਰਿਆਣਾ ਦੇ ਰਾਜਪਾਲ ਨੇ ਨੂੰਹ 'ਚ ਜੋ ਕੁਝ ਹੋਇਆ, ਫਿਰਕੂ ਝੜਪਾਂ ਅਤੇ ਹਿੰਸਾ ਹੋਈ ਅਤੇ ਕਰਫਿਊ ਲਗਾਉਣਾ ਪਿਆ, ਉਸ ਦੇ ਸੰਬੰਧ 'ਚ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੂੰ ਕੋਈ ਨੋਟਿਸ ਜਾਰੀ ਕੀਤਾ ਹੈ? ਕੀ ਹਰਿਆਣਾ ਦੇ ਰਾਜਪਾਲ ਨੇ ਖੱਟੜ ਨੂੰ ਕੋਈ ਚਿੱਠੀ ਲਿਖੀ ਹੈ? ਨਹੀਂ ਕਿਉਂਕਿ ਉਨ੍ਹਾਂ ਦੀ ਸਰਕਾਰ ਕੇਂਦਰ 'ਚ ਵੀ ਸ਼ਾਸਨ ਕਰ ਰਹੀ ਹੈ।'' ਪੰਜਾਬ ਦੇ ਰਾਜਪਾਲ ਮਾਨ 'ਤੇ ਦੋਸ਼ ਲਗਾਉਂਦੇ ਰਹੇ ਹਨ ਕਿ ਉਹ ਆਪਣੇ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਉਨ੍ਹਾਂ ਨੂੰ ਭੇਜੇ ਗਏ ਪੱਤਰਾਂ ਦਾ ਜਵਾਬ ਨਹੀਂ ਦੇ ਰਹੇ ਹਨ। ਪੁਰੋਹਿਤ ਨੇ ਸ਼ੁੱਕਰਵਾਰ ਨੂੰ ਮਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੇ ਪੱਤਰਾਂ ਦਾ ਜਵਾਬ ਨਹੀਂ ਦਿੱਤਾ ਗਿਆ ਤਾਂ ਉਹ ਰਾਜ 'ਚ ਰਾਸ਼ਟਰਪਤੀ ਸ਼ਾਸਨ ਦੀ ਸਿਫ਼ਾਰਿਸ਼ ਕਰ ਸਕਦੇ ਹਨ ਅਤੇ ਅਪਰਾਧਕ ਕਾਰਵਾਈ ਵੀ ਸ਼ੁਰੂ ਕਰ ਸਕਦੀ ਹਨ। 31 ਜੁਲਾਈ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜੁਲੂਸ 'ਤੇ ਭੀੜ ਵਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਹਰਿਆਣਾ ਦੇ ਨੂੰਹ ਅਤੇ ਉਸ ਦੇ ਨੇੜੇ-ਤੇੜੇ ਦੇ ਇਲਾਕਿਆਂ 'ਚ ਹੋਈਆਂ ਫਿਰਕੂ ਝੜਪਾਂ 'ਚ 2 ਹੋਮ ਗਾਰਡ ਅਤੇ ਇਕ ਮੌਲਵੀ ਸਮੇਤ 6 ਲੋਕ ਮਾਰੇ ਗਏ ਸਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News