ਕੇਜਰੀਵਾਲ ਨੇ ਭਗਤ ਪ੍ਰਹਿਲਾਦ ਨਾਲ ਕੀਤੀ ਸਿਸੋਦੀਆ ਦੀ ਤੁਲਨਾ
Friday, Mar 10, 2023 - 03:37 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਅਤੇ ਬੱਚਿਆਂ ਦੀ ਸੇਵਾ ਕਰਨ ਵਾਲਿਆਂ ਨੂੰ ਜੇਲ੍ਹ 'ਚ ਬੰਦ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਘਟਨਾਕ੍ਰਮ ਦੀ ਤੁਲਨ ਹਿਰਣਯਕਸ਼ਿਪੁ ਅਤੇ ਪ੍ਰਹਿਲਾਦ ਦੀ ਪੌਰਾਣਿਕ ਕਥਾ ਨਾਲ ਕੀਤੀ। ਕਿਸੇ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਜਿਵੇਂ ਹਿਰਣਯਕਸ਼ਿਪੁ, ਪ੍ਰਹਿਲਾਦ ਨੂੰ ਭਗਵਾਨ ਦੀ ਪੂਜਾ ਕਰਨ ਤੋਂ ਨਹੀਂ ਰੋਕ ਸਕਿਆ, ਉਂਝ ਹੀ ਅੱਜ ਦੇ ਪ੍ਰਹਿਲਾਦ ਨੂੰ ਵੀ ਨਹੀਂ ਰੋਕਿਆ ਜਾ ਸਕਦਾ।
ਉਨ੍ਹਾਂ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਸਿਸੋਦੀਆ ਦੀ ਤੁਲਨਾ ਅਸਿੱਧੇ ਤੌਰ 'ਤੇ ਭਗਤ ਪ੍ਰਹਿਲਾਦ ਨਾਲ ਕੀਤੀ। ਕੇਜਰੀਵਾਲ ਨੇ ਟਵੀਟ ਕੀਤਾ, 'ਹਿਰਣਯਕਸ਼ਿਪੁ ਆਪਣੇ ਆਪ ਨੂੰ ਭਗਵਾਨ ਮੰਨ ਬੈਠਾ ਸੀ। ਉਸਨੇ ਪ੍ਰਹਿਲਾਦ ਨੂੰ ਈਸ਼ਵਰ ਦੀ ਰਾਹ ਤੋਂ ਰੋਕਣ ਦੀਆਂ ਕਈ ਕੋਸ਼ਿਸ਼ਾਂ ਕੀਤੀਆ, ਜ਼ੁਲਮ ਕੀਤੇ। ਅੱਜ ਵੀ ਕੁਝ ਲੋਕ ਆਪਣੇ ਆਪ ਨੂੰ ਭਗਵਾਨ ਮੰਨ ਬੈਠੇ ਹਨ। ਦੇਸ਼ ਅਤੇ ਬੱਚਿਆਂ ਦੀ ਸੇਵਾ ਕਰਨ ਵਾਲੇ ਪ੍ਰਹਿਲਾਦ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਪਰ ਨਾ ਪ੍ਰਹਿਲਾਦ ਨੂੰ ਉਦੋਂ ਰੋਕ ਸਕੇ ਸਨ, ਨਾ ਹੁਣ ਰੋਕ ਸਕਣਗੇ।