CM ਕੇਜਰੀਵਾਲ ਅਤੇ ਭਗਵੰਤ ਮਾਨ ਭਲਕੇ ਆਉਣਗੇ ਗੁਜਰਾਤ
Saturday, Sep 24, 2022 - 05:56 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਯਾਨੀ ਕਿ ਭਲਕੇ ਨੂੰ ਅਹਿਮਦਾਬਾਦ ਦਾ ਦੌਰਾ ਕਰਨਗੇ। ਦੋਵੇਂ ਨੇਤਾ ਗੁਜਰਾਤ ਸਰਕਾਰ ਦੇ ਸਫਾਈ ਕਰਮੀਆਂ, ਅਸਥਾਈ ਕਰਮੀਆਂ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ। ਭਾਜਪਾ ਸ਼ਾਸਿਤ ਗੁਜਰਾਤ ਦੀ ਆਪਣੀ ਇਸ ਯਾਤਰਾ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ’ਚ ਸਮਾਜ ਦਾ ਹਰ ਵਰਗ ਆਸ ਭਰੀਆਂ ਨਜ਼ਰਾਂ ਨਾਲ ਆਮ ਆਦਮੀ ਪਾਰਟੀ (ਆਪ) ਵੱਲ ਵੇਖ ਰਿਹਾ ਹੈ।
‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ‘‘ਕੱਲ ਮੈਂ ਅਤੇ ਭਗਵੰਤ ਮਾਨ ਜੀ ਅਹਿਮਦਾਬਾਦ ਜਾ ਰਹੇ ਹਾਂ। ਉੱਥੇ ਨੌਜਵਾਨਾਂ, ਸਫ਼ਾਈ ਕਾਮਿਆਂ ਅਤੇ ਕੱਚੇ ਕਰਮਚਾਰੀਆਂ ਨਾਲ ਅਸੀਂ ਗੱਲਬਾਤ ਕਰਾਂਗੇ। ਅੱਜ ਗੁਜਰਾਤ ਦਾ ਹਰ ਤਬਕਾ ਆਮ ਆਦਮੀ ਪਾਰਟੀ ਨੂੰ ਹੀ ਆਪਣੀ ਉਮੀਦ ਮੰਨਦਾ ਹੈ।
ਹਾਲ ’ਚ ਹੀ ‘ਆਪ’ ਕਨਵੀਨਰ ਗੁਜਰਾਤ ’ਚ ਆਪਣੀ ਪਾਰਟੀ ਦੇ ਚੋਣ ਮੁਹਿੰਮ ਦੀ ਅਗਵਾਈ ਕਰਨ ਅਤੇ ਉਸ ਦੀ ਚੋਣ ਤਿਆਰੀ ਨੂੰ ਦਰੁੱਸਤ ਕਰਨ ਲਈ ਹਰ ਹਫ਼ਤੇ ਉੱਥੋਂ ਦਾ ਦੌਰਾ ਕਰ ਰਹੇ ਹਨ। ਗੁਜਰਾਤ ’ਚ ਇਸ ਸਾਲ ਦੇ ਅਖੀਰ ਤੱਕ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ।